ਮਸ਼ਹੂਰ ਗੀਤਕਾਰ-ਲੇਖਕ ਜਾਵੇਦ ਅਖਤਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅੱਜ ਦੀ ਨਵੀਂ ਪੀੜ੍ਹੀ ਦੇ ਅਦਾਕਾਰਾਂ ਲਈ ਹਿੰਦੀ ਸੰਵਾਦ ਵੀ ਰੋਮਨ ਲਿਪੀ ਵਿਚ ਲਿਖਣੇ ਪੈਂਦੇ ਹਨ ਕਿਉਂਕਿ ਉਹ ਹੋਰ ਕੁੱਝ ਨਹੀਂ ਪੜ੍ਹ ਸਕਦੇ। ਵੀਰਵਾਰ ਸ਼ਾਮ ਨੂੰ ‘ਇੰਡੀਆ ਇੰਟਰਨੈਸ਼ਨਲ ਸੈਂਟਰ’ ਵਿਖੇ ‘ਹਿੰਦੀ ਅਤੇ ਉਰਦੂ: ਸਿਆਮੀ ਟਵਿਨਜ਼ ਸੈਸ਼ਨ’ ਕੀਤਾ ਗਿਆ। ਸੀ.ਡੀ. ਦੇਸ਼ਮੁਖ ਹਾਲ ’ਚ ਹੋਏ ਇਸ ਪ੍ਰੋਗਰਾਮ ’ਚ 79 ਸਾਲਾਂ ਦੇ ਸ਼ਾਇਰ ਅਖਤਰ ਨੇ ਕਿਹਾ, ‘‘ਫਿਲਮ ਉਦਯੋਗ ’ਚ ਅਸੀਂ ਨਵੀਂ ਪੀੜ੍ਹੀ ਦੇ ਜ਼ਿਆਦਾਤਰ ਅਦਾਕਾਰਾਂ ਲਈ ਰੋਮਨ (ਅੰਗਰੇਜ਼ੀ ਸਕ੍ਰਿਪਟ) ’ਚ ਹਿੰਦੀ ਡਾਇਲਾਗ ਲਿਖਦੇ ਹਾਂ ਕਿਉਂਕਿ ਉਹ ਹੋਰ ਕੁੱਝ ਨਹੀਂ ਪੜ੍ਹ ਸਕਦੇ।’’
ਪ੍ਰੋਫੈਸਰ ਆਲੋਕ ਰਾਏ ਨਾਲ ਗੱਲਬਾਤ ਦੌਰਾਨ ਜਾਵੇਦ ਅਖਤਰ ਨੇ ਇਹ ਵੀ ਕਿਹਾ ਕਿ ਭਾਸ਼ਾ ਇਕ ਖੇਤਰ ਦੀ ਹੁੰਦੀ ਹੈ ਅਤੇ ਇਸ ਦਾ ਧਰਮ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਨ੍ਹਾਂ ਕਿਹਾ, ‘‘ਸਾਨੂੰ ਹਿੰਦੀ ਅਤੇ ਉਰਦੂ ਨੂੰ ਵੱਖ ਕਰਨ ਨੂੰ ਮਨਜ਼ੂਰ ਕੀਤੇ ਲਗਭਗ 200 ਸਾਲ ਹੋ ਗਏ ਹਨ ਪਰ ਉਹ ਹਮੇਸ਼ਾ ਇਕ ਰਹੇ ਹਨ। 1972 ਤੋਂ ਪਹਿਲਾਂ ਦੇ ਪੂਰਬੀ ਪਾਕਿਸਤਾਨ ਦੇ ਬੰਗਾਲੀ ਕਹਿੰਦੇ ਸਨ ਕਿ ‘ਅਸੀਂ ਮਰ ਜਾਵਾਂਗੇ ਪਰ ਉਰਦੂ ਨਹੀਂ ਪੜ੍ਹਾਂਗੇ, ਸਾਨੂੰ ਇਕ ਹੋਰ ਦੇਸ਼ (ਬੰਗਲਾਦੇਸ਼) ਚਾਹੀਦਾ ਹੈ।’ ਇਹ 10 ਕਰੋੜ ਲੋਕ ਕੌਣ ਸਨ, ਕੀ ਉਹ ਉਰਦੂ ਬੋਲਦੇ ਸਨ?’’
‘ਪਿਆਜ਼’ ਦਾ ਜ਼ਿਕਰ ਕਰਦਿਆਂ ਅਖਤਰ ਨੇ ਕਿਹਾ ਕਿ ਫਿਲਮ ਉਦਯੋਗ ਸਮੇਤ ਸੰਚਾਰ ਦੇ ਖੇਤਰ ਵਿਚ ਲੋਕਾਂ ਲਈ ‘ਸ਼ੁੱਧ ਉਰਦੂ’ ਜਾਂ ‘ਸ਼ੁੱਧ ਹਿੰਦੀ’ ਦੀ ਕੋਈ ਧਾਰਨਾ ਨਹੀਂ ਹੈ। ਉਨ੍ਹਾਂ ਕਿਹਾ, ‘‘ਤੁਸੀਂ ਇਕ ਪਿਆਜ਼ ਲੈ ਲਵੋ ਅਤੇ ਇਹ ਵੇਖਣ ਲਈ ਉਸ ਦੀਆਂ ਪਰਤਾਂ ਉਤਾਰਨੀਆਂ ਸ਼ੁਰੂ ਕਰ ਦਿਉ ਕਿ ਅਸਲੀ ਪਿਆਜ਼ ਕਿੱਥੇ ਹੈ। ਪਿਆਜ਼ ਛਿਲਕਿਆਂ ’ਚ ਹੀ ਲੁਕਿਆ ਹੋਇਆ ਹੁੰਦਾ ਹੈ। ਇਸ ਤਰ੍ਹਾਂ, ਵੱਖ-ਵੱਖ ਸਰੋਤਾਂ ਦੇ ਸ਼ਬਦ ਭਾਸ਼ਾ ’ਚ ਸ਼ਾਮਲ ਹੁੰਦੇ ਰਹਿੰਦੇ ਹਨ ਅਤੇ ਭਾਸ਼ਾ ਅਮੀਰ ਹੁੰਦੀ ਹੈ।’’