ਪੰਨੂ ਨੇ ਆਰੋਪ ਲਗਾਇਆ ਕਿ ਰਵਨੀਤ ਬਿੱਟੂ ਨੇ ਇਹ ਸਾਰਾ ਨਾਟਕ ਰਾਜਨੀਤਿਕ ਤੌਰ ‘ਤੇ ‘ਪ੍ਰਧਾਨ’ ਬਣਨ ਲਈ ਰਚਿਆ ਸੀ, ਪਰ ਇਹ ਇੱਛਾ ਵੀ ਪੂਰੀ ਨਹੀਂ ਹੋਈ।
ਆਮ ਆਦਮੀ ਪਾਰਟੀ (ਆਪ) ਨੇ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਪੰਜਾਬ ਪੁਲਿਸ ਬਾਰੇ ਦਿੱਤੇ ਗਏ ਵਿਵਾਦਤ ਬਿਆਨ ਦਾ ਤਿੱਖਾ ਜਵਾਬ ਦਿੱਤਾ ਹੈ। ਇੱਕ ਪ੍ਰੈਸ ਕਾਨਫਰੰਸ ਦੌਰਾਨ, ‘ਆਪ’ ਦੇ ਸੀਨੀਅਰ ਬੁਲਾਰੇ ਬਲਤੇਜ ਪੰਨੂ ਨੇ ਬਿੱਟੂ ‘ਤੇ ਤਿੱਖਾ ਹਮਲਾ ਬੋਲਦੇ ਹੋਏ ਉਨ੍ਹਾਂ ‘ਤੇ ਗੰਭੀਰ ਇਲਜ਼ਾਮ ਲਗਾਏ ਹਨ।
ਪੰਨੂ ਨੇ ਕਿਹਾ ਕਿ ਜਿੱਥੇ ਬਿੱਟੂ ਪੰਜਾਬ ਪੁਲਿਸ ਦੇ ਨਾਕਿਆਂ ਅਤੇ ਜਵਾਨਾਂ ਤੇ ਉਂਗਲੀ ਚੁੱਕ ਰਹੇ ਹਨ, ਉੱਥੇ ਹੀ ਆਪਣੇ ਭਰਾ ਲਈ ਪੁਲਿਸ ਵਿਭਾਗ ਵਿੱਚ ਬੈਕ ਡੋਰ ਐਂਟਰੀ ਦਿਆਉਣ ਲਈ ਉਨ੍ਹਾਂ ਨੇ ਸਾਰੇ ਨਿਯਮਾਂ ਦੀਆਂ ਧੱਜੀਆਂ ਉਡਾ ਦਿੱਤੀਆਂ ਹਨ। ਪੰਨੂ ਨੇ ਮੰਗ ਕੀਤੀ ਕਿ ਕੇਂਦਰੀ ਮੰਤਰੀ ਪੰਜਾਬ ਪੁਲਿਸ ਦਾ ਅਪਮਾਨ ਕਰਨ ਲਈ ਬਿਨਾਂ ਸ਼ਰਤ ਮੁਆਫ਼ੀ ਮੰਗਣ।
ਬਲਤੇਜ ਪੰਨੂ ਨੇ ਪਿਛਲੀਆਂ ਅਕਾਲੀ ਅਤੇ ਕਾਂਗਰਸ ਸਰਕਾਰਾਂ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਸ ਸਮੇਂ ਦੌਰਾਨ, ਉਨ੍ਹਾਂ ਦੇ ਚਹੇਤਿਆਂ ਨੂੰ ਹੀ ਰੇਵੜੀਆਂ ਵੰਡੀਆਂ ਗਈਆਂ। ਉਨ੍ਹਾਂ ਨੇ ਸਿੱਧੇ ਤੌਰ ‘ਤੇ ਰਵਨੀਤ ਬਿੱਟੂ ਦੇ ਭਰਾ ਦੀ ਪੰਜਾਬ ਪੁਲਿਸ ਵਿੱਚ ਸਿੱਧੀ ਭਰਤੀ (ਤਰਸ ਦੇ ਆਧਾਰ ‘ਤੇ) ‘ਤੇ ਸਵਾਲ ਉਠਾਉਂਦੇ ਹੋਏ ਪੁੱਛਿਆ, “ਜੇ ਬਿੱਟੂ ਪੰਜਾਬ ਪੁਲਿਸ ਨਾਲ ਇੰਨੀ ਨਫ਼ਰਤ ਕਰਦੇ ਹਨ ਤਾਂ ਉਨ੍ਹਾਂ ਨੇ ਨਿਯਮਾਂ ਨੂੰ ਨਜ਼ਰਅੰਦਾਜ਼ ਕਰਕੇ ਆਪਣੇ ਭਰਾ ਨੂੰ ਉਸੇ ਵਿਭਾਗ ਵਿੱਚ ਭਰਤੀ ਕਿਉਂ ਕਰਵਾਇਆ?”
ਪੰਨੂ ਦੇ ਬਿੱਟੂ ‘ਤੇ ਵੱਡੇ ਆਰੋਪ
-
ਭਰਾ ਦੀ ਸਿੱਧੀ ਭਰਤੀ ਲਈ ਸਾਰੇ ਨਿਯਮ ਤੋੜੇ ਗਏ: ਪੰਨੂ ਨੇ ਸਭ ਤੋਂ ਗੰਭੀਰ ਆਰੋਪ ਲਗਾਇਆ, ਇਹ ਕਹਿੰਦੇ ਹੋਏ ਕਿ ਰਵਨੀਤ ਸਿੰਘ ਬਿੱਟੂ ਦੇ ਭਰਾ ਦੀ ਪੰਜਾਬ ਪੁਲਿਸ ਵਿੱਚ ਸਿੱਧੀ ਭਰਤੀ ਪੂਰੀ ਤਰ੍ਹਾਂ ਨਿਯਮਾਂ ਦੇ ਵਿਰੁੱਧ ਸੀ। ਇਸ ਤਰਸ ਦੇ ਆਧਾਰ ‘ਤੇ ਨਿਯੁਕਤੀ ਵਿੱਚ ਸਾਰੀ ਪਾਰਦਰਸ਼ਤਾ ਖਤਮ ਕਰ ਦਿੱਤੀ ਗਈ ਗਈ ਸੀ, ਅਤੇ ਸਿਰਫ ਰਾਜਨੀਤਿਕ ਪ੍ਰਭਾਵ ਦੀ ਵਰਤੋਂ ਕੀਤੀ ਗਈ ਸੀ।
-
ਉਮਰ ਅਤੇ ਵਿਦਿਅਕ ਯੋਗਤਾਵਾਂ ਵਿੱਚ ਬਦਲਾਅ: ਬੁਲਾਰੇ ਨੇ ਦਾਅਵਾ ਕੀਤਾ ਕਿ ਬਿੱਟੂ ਦੇ ਭਰਾ ਨੂੰ ਮਹਿਕਮੇ ਵਿੱਚ ਐਡਜਸਟ ਕਰਨ ਲਈ ਨਿਯਮਾਂ ਵਿੱਚ ਜਾਣਬੁੱਝ ਕੇ ਸੋਧ ਕੀਤੀ ਗਈ ਸੀ। ਜੋ ਉਮਰ ਆਮ ਨੌਜਵਾਨਾਂ ਲਈ ਲੋੜੀਂਦੀ ਹੁੰਦੀ ਹੈ, ਉਸਨੂੰ ਬਿੱਟੂ ਦੇ ਪਰਿਵਾਰ ਲਈ ਬਦਲ ਦਿੱਤਾ ਗਿਆ ਸੀ। ਇਹ ਪੰਜਾਬ ਦੇ ਲੱਖਾਂ ਯੋਗ ਅਤੇ ਬੇਰੁਜ਼ਗਾਰ ਨੌਜਵਾਨਾਂ ਨਾਲ ਸਿੱਧਾ ਵਿਸ਼ਵਾਸਘਾਤ ਸੀ।
-
ਪੀਪੀਐਸਸੀ ਨੂੰ ਬਾਈਪਾਸ ਕਰਕੇ ਸਿੱਧੇ ਬਣਾਇਆ DSP: ਪੰਨੂ ਨੇ ਤਕਨੀਕੀ ਚੁੱਕਦਿਆਂ ਕਿਹਾ ਕਿ ਪੰਜਾਬ ਵਿੱਚ ਡੀਐਸਪੀ ਪੱਧਰ ਦੇ ਅਧਿਕਾਰੀ ਪੰਜਾਬ ਪਬਲਿਕ ਸਰਵਿਸ ਕਮਿਸ਼ਨ (PPSC) ਰਾਹੀਂ ਭਰਤੀ ਕੀਤੇ ਜਾਂਦੇ ਹਨ। ਹਾਲਾਂਕਿ, ਬਿੱਟੂ ਦੇ ਭਰਾ ਦੇ ਮਾਮਲੇ ਵਿੱਚ, ਇਸ ਲਾਜ਼ਮੀ PPSC ਨਿਯਮ ਦੀ ਵੀ ਉਲੰਘਣਾ ਕੀਤੀ ਗਈ ਸੀ, ਅਤੇ ਉਨ੍ਹਾਂ ਨੂੰ ਨਿਰਧਾਰਤ ਪ੍ਰਕਿਰਿਆ ਦੀ ਪਾਲਣਾ ਕੀਤੇ ਬਿਨਾਂ ਸਿੱਧੇ ਤੌਰ ‘ਤੇ ਪੰਜਾਬ ਪੁਲਿਸ ਦਾ ਹਿੱਸਾ ਬਣਾ ਦਿੱਤਾ ਗਿਆ।
-
ਨਫਰਤ ਸੀ ਤਾਂ ਭਰਾ ਨੂੰ ਤਹਿਸੀਲਦਾਰ ਲਗਵਾ ਦਿੰਦੇ’: ਬਿੱਟੂ ਦੇ ਪੁਲਿਸ ਵਿਰੋਧੀ ਬਿਆਨਾਂ ‘ਤੇ ਚੁਟਕੀ ਲੈਂਦੇ ਹੋਏ ਆਪ’ ਬੁਲਾਰੇ ਨੇ ਕਿਹਾ, “ਜੇਕਰ ਰਵਨੀਤ ਬਿੱਟੂ ਪੰਜਾਬ ਪੁਲਿਸ ਨੂੰ ਇੰਨੀ ਨਫ਼ਰਤ ਕਰਦੇ ਹਨ ਅਤੇ ਹਰ ਜਗ੍ਹਾ ਭ੍ਰਿਸ਼ਟਾਚਾਰ ਦਿਖਦਾ ਹੈ ਤਾਂ ਉਨ੍ਹਾਂ ਨੇ ਆਪਣੇ ਭਰਾ ਨੂੰ ਪੁਲਿਸ ਫੋਰਸ ਵਿੱਚ ਕਿਉਂ ਭਰਤੀ ਕਰਵਾਇਆ? ਉਨ੍ਹਾਂਦਾ ਕਾਫ਼ੀ ਰਾਜਨੀਤਿਕ ਪ੍ਰਭਾਵ ਸੀ; ਜੇ ਉਹ ਚਾਹੁੰਦੇ ਤਾਂ ਉਹ ਆਪਣੇ ਭਰਾ ਨੂੰ ਤਹਿਸੀਲਦਾਰ ਨਿਯੁਕਤ ਕਰ ਸਕਦੇ ਸਨ।” ਉਨ੍ਹਾਂ ਨੇ ਆਰੋਪ ਲਗਾਇਆ ਕਿ ਅਕਾਲੀ ਅਤੇ ਕਾਂਗਰਸ ਦੋਵੇਂ ਸਰਕਾਰਾਂ ਸਿਰਫ਼ ਆਪਣੇ ਲੋਕਾਂ ਨੂੰ ਲਾਭ ਪਹੁੰਚਾਉਣ ਦਾ ਕੰਮ ਕੀਤਾ ਗਿਆ।
-
‘ਬਿਨਾਂ ਸ਼ਰਤ ਮੁਆਫ਼ੀ ਮੰਗਣ ਬਿੱਟੂ: ਪੰਨੂ ਨੇ ਆਰੋਪ ਲਗਾਇਆ ਕਿ ਰਵਨੀਤ ਬਿੱਟੂ ਨੇ ਇਹ ਸਾਰਾ ਨਾਟਕ ਰਾਜਨੀਤਿਕ ਤੌਰ ‘ਤੇ ‘ਪ੍ਰਧਾਨ’ ਬਣਨ ਲਈ ਰਚਿਆ ਸੀ, ਪਰ ਇਹ ਇੱਛਾ ਵੀ ਪੂਰੀ ਨਹੀਂ ਹੋਈ। ਉਨ੍ਹਾਂ ਮੰਗ ਕੀਤੀ ਕਿ ਬਿੱਟੂ ਪੰਜਾਬ ਪੁਲਿਸ ਦੇ ਸਬ-ਇੰਸਪੈਕਟਰ ਅਤੇ ਪੂਰੇ ਵਿਭਾਗ ਵਿਰੁੱਧ ਵਰਤੇ ਗਏ ਅਪਮਾਨਜਨਕ ਸ਼ਬਦਾਂ ਲਈ ਤੁਰੰਤ ਅਤੇ ਬਿਨਾਂ ਸ਼ਰਤ ਪੰਜਾਬ ਪੁਲਿਸ ਤੋਂ ਮੁਆਫ਼ੀ ਮੰਗਣ।

![Baltej-Pannu[1]](https://punjabprotv.com/Punjabi/wp-content/uploads/2026/05/Baltej-Pannu1-640x360.jpg)






