ਅੱਜ ਕੱਲ੍ਹ ਇਹ ਬਹੁਤ ਹੀ ਆਮ ਸੁਣਨ ਨੂੰ ਮਿਲਦਾ ਹੈ ਕਿ ਨਵਜੰਮੇ ਬੱਚੇ ਨੂੰ ਪੀਲੀਆ ਹੋ ਗਿਆ ਹੈ। ਜੀ ਹਾਂ ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਲੱਗਦੀ ਹੈ ਜੋ ਬੱਚਾ ਕੁੱਝ ਸਮੇਂ ਪਹਿਲਾਂ ਹੀ ਇਸ ਦੁਨੀਆ ਦੇ ਵਿੱਚ ਆਇਆ ਹੈ, ਉਹ ਪੀਲੀਏ ਦੀ ਬਿਮਾਰੀ ਦਾ ਸ਼ਿਕਾਰ ਹੋ ਗਿਆ ਹੈ। ਹਾਲਾਂਕਿ, ਇਹ ਇੱਕ ਤੋਂ ਦੋ ਹਫ਼ਤਿਆਂ ਵਿੱਚ ਬੱਚੇ ਵਿੱਚ ਆਸਾਨੀ ਨਾਲ ਠੀਕ ਹੋ ਜਾਂਦਾ ਹੈ। ਜੇ ਪੀਲੀਆ ਗੰਭੀਰ ਹੁੰਦਾ ਹੈ, ਤਾਂ ਬੱਚੇ ਨੂੰ ਹਸਪਤਾਲ ਵਿਚ ਦਾਖਲ ਕਰਵਾਉਣਾ ਪੈ ਸਕਦਾ ਹੈ। ਨਵਜੰਮੇ ਬੱਚਿਆਂ ਵਿੱਚ ਪੀਲੀਆ ਹੋਣ ਦੇ ਕਈ ਕਾਰਨ ਹਨ। ਨਵਜੰਮੇ ਬੱਚੇ ਨੂੰ ਪੀਲੀਆ (Newborn Jaundice) ਕਿਉਂ ਹੁੰਦਾ ਹੈ ਅਤੇ ਕਿਹੜੇ ਲੱਛਣਾਂ ‘ਤੇ ਧਿਆਨ ਰੱਖਣਾ ਜ਼ਰੂਰੀ ਹੁੰਦਾ ਹੈ। ਆਓ ਜਾਣਦੇ ਹਾਂ…
ਨਵਜੰਮੇ ਬੱਚਿਆਂ ਨੂੰ ਪੀਲੀਆ ਕਿਉਂ ਹੁੰਦਾ ਹੈ?
ਪੀਲੀਆ ਘੱਟ ਵਿਕਸਿਤ ਜਿਗਰ ਕਾਰਨ ਹੁੰਦਾ ਹੈ। ਜ਼ਿਆਦਾਤਰ ਨਵਜੰਮੇ ਬੱਚੇ ਇਸ ਦਾ ਸ਼ਿਕਾਰ ਹੋ ਸਕਦੇ ਹਨ। ਜਿਗਰ ਖੂਨ ਵਿੱਚੋਂ ਬਿਲੀਰੂਬਿਨ ਨੂੰ ਸਾਫ਼ ਕਰਨ ਦਾ ਕੰਮ ਕਰਦਾ ਹੈ, ਪਰ ਜਿਨ੍ਹਾਂ ਬੱਚਿਆਂ ਦਾ ਜਿਗਰ ਸਹੀ ਢੰਗ ਨਾਲ ਵਿਕਸਤ ਨਹੀਂ ਹੁੰਦਾ ਉਨ੍ਹਾਂ ਨੂੰ ਬਿਲੀਰੂਬਿਨ ਨੂੰ ਫਿਲਟਰ ਕਰਨਾ ਮੁਸ਼ਕਲ ਹੁੰਦਾ ਹੈ। ਅਜਿਹੇ ਬੱਚਿਆਂ ਨੂੰ ਪੀਲੀਆ ਹੋਣ ਦਾ ਖ਼ਤਰਾ ਰਹਿੰਦਾ ਹੈ। ਰਿਪੋਰਟਾਂ ਮੁਤਾਬਕ ਜੇਕਰ ਮਾਂ ਦਾ ਬਲੱਡ ਗਰੁੱਪ ਨੈਗੇਟਿਵ ਹੈ ਅਤੇ ਬੱਚੇ ਦਾ ਬਲੱਡ ਗਰੁੱਪ ਪਾਜ਼ੇਟਿਵ ਹੈ ਤਾਂ ਨਵਜੰਮੇ ਬੱਚੇ ਨੂੰ ਪੀਲੀਆ ਹੋ ਸਕਦਾ ਹੈ।
Newborn Jaundice: ਇਨ੍ਹਾਂ ਲੱਛਣਾਂ ਵੱਲ ਧਿਆਨ ਦਿਓ-
- ਨਵਜੰਮੇ ਬੱਚੇ ਵਿੱਚ ਪੀਲੀਆ ਦਾ ਸਪੱਸ਼ਟ ਲੱਛਣ ਚਮੜੀ ਦਾ ਪੀਲਾ ਪੈਣਾ ਹੈ।
- ਇਹ ਚਿਹਰੇ ਤੋਂ ਸ਼ੁਰੂ ਹੁੰਦਾ ਹੈ, ਫਿਰ ਛਾਤੀ ਅਤੇ ਪੇਟ ਅਤੇ ਫਿਰ ਲੱਤਾਂ ‘ਤੇ ਦਿਖਾਈ ਦਿੰਦਾ ਹੈ।
- ਚਮੜੀ ਤੋਂ ਇਲਾਵਾ ਬੱਚੇ ਦੀਆਂ ਅੱਖਾਂ ਦਾ ਚਿੱਟਾ ਹਿੱਸਾ ਵੀ ਪੀਲਾ ਪੈ ਜਾਂਦਾ ਹੈ।
- ਇਸ ਦੇ ਨਾਲ ਹੀ ਬੱਚੇ ਦੇ ਸਰੀਰ ਵਿੱਚ ਬਿਲੀਰੂਬਿਨ ਦਾ ਪੱਧਰ ਵਧਣ ਨਾਲ ਵੀ ਬੱਚੇ ਨੂੰ ਨੀਂਦ ਆ ਸਕਦੀ ਹੈ ਅਤੇ ਚਿੜਚਿੜਾ ਵੀ ਹੋ ਸਕਦਾ ਹੈ। ਜਿਸ ਕਰਕੇ ਉਹ ਜ਼ਿਆਦਾ ਸਮੇਂ ਰੋਂਦਾ ਹੀ ਰਹਿੰਦਾ ਹੈ।
- ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਕਾਲੇ ਰੰਗ ਦੀ ਚਮੜੀ ‘ਤੇ ਪੀਲੀਆ ਦੀ ਪਛਾਣ ਕਰਨਾ ਮੁਸ਼ਕਲ ਹੈ। ਅਜਿਹੀ ਸਥਿਤੀ ਵਿੱਚ, ਬੱਚੇ ਦੀ ਚਮੜੀ ਨੂੰ ਦਬਾਓ ਅਤੇ ਜਦੋਂ ਤੁਸੀਂ ਆਪਣੀ ਉਂਗਲੀ ਚੁੱਕਦੇ ਹੋ ਤਾਂ ਦੇਖੋ ਕਿ ਉਹ ਹਿੱਸਾ ਪੀਲਾ ਹੈ ਜਾਂ ਨਹੀਂ। ਜੇਕਰ ਇਹ ਪੀਲਾ ਹੈ ਤਾਂ ਇਹ ਪੀਲੀਆ ਦੀ ਨਿਸ਼ਾਨੀ ਹੋ ਸਕਦੀ ਹੈ।
Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।