ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਚਚੇਰੇ ਭਰਾ ਨਰੋਤਮ ਸਿੰਘ ਢਿੱਲੋਂ ਦੇ ਗੋਆ ‘ਚ ਕਤਲ ਮਾਮਲੇ ਵਿੱਚ ਵੱਡਾ ਖੁਲਾਸਾ ਹੋਇਆ ਹੈ। ਮਹਾਰਾਸ਼ਟਰ ਪੁਲਿਸ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਨਰੋਤਮ ਢਿੱਲੋਂ ਦਾ ਗਲਾ ਘੁੱਟ ਕੇ ਕਤਲ ਕੀਤਾ ਗਿਆ ਸੀ। ਪੁਲਿਸ ਰਿਪੋਰਟ ਮੁਤਾਬਕ ਨਰੋਤਮ ਢਿੱਲੋਂ ਦੇ ਸਰੀਰ ‘ਤੇ ਕਈ ਥਾਵਾਂ ‘ਤੇ ਅੰਦਰੂਨੀ ਜ਼ਖਮ ਸਨ। ਪੁਲਿਸ ਨੇ ਮਾਮਲੇ ‘ਚ ਮਹਾਰਾਸ਼ਟਰ ਦੇ ਪੇਨ ਇਲਾਕੇ ਤੋਂ ਇੱਕ ਔਰਤ ਤੇ ਉਸ ਦੇ ਦੋਸਤ ਨੂੰ ਗ੍ਰਿਫਤਾਰ ਕੀਤਾ ਹੈ। ਮਹਾਰਾਸ਼ਟਰ ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ’ਤੇ ਲਿਆ ਹੈ।
ਇਸ ਦੌਰਾਨ ਗੋਆ ਪੁਲਿਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾਇਆ ਹੈ। ਜਦੋਂਕਿ ਔਰਤ ਸਮੇਤ 4 ਦੋਸ਼ੀਆਂ ਖਿਲਾਫ ਕਤਲ, ਲੁੱਟ-ਖੋਹ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਨਰੋਤਮ ਢਿੱਲੋਂ ਉਰਫ ਨਿਮਸ ਬਾਦਲ ਦੀ ਲਾਸ਼ ਉੱਤਰੀ ਗੋਆ ਦੇ ਪੋਰਵਾਰੀਮ ਇਲਾਕੇ ‘ਚ ਸਥਿਤ ਉਸ ਦੇ ਵਿਲਾ ‘ਚੋਂ ਬਰਾਮਦ ਹੋਈ ਹੈ। ਨਰੋਤਮ ਗੋਆ ਵਿੱਚ ਇਕੱਲਾ ਰਹਿੰਦਾ ਸੀ, ਉਸ ਦੇ ਬੱਚੇ ਵਿਦੇਸ਼ ਵਿੱਚ ਰਹਿੰਦੇ ਹਨ। ਫਿਲਹਾਲ ਇਸ ਸਬੰਧੀ ਬਾਦਲ ਪਰਿਵਾਰ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ। ਮਹਾਰਾਸ਼ਟਰ ਪੁਲਿਸ ਦੀ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮਾਂ ਨੇ ਢਿੱਲੋਂ ਦੇ ਗਲੇ ਵਿੱਚ ਪਾਈ ਸੋਨੇ ਦੀ ਚੇਨ ਤੇ ਕੜੇ ਸਮੇਤ 45 ਲੱਖ ਰੁਪਏ ਦਾ ਸਾਮਾਨ ਲੁੱਟ ਲਿਆ ਸੀ। ਫੜੇ ਗਏ ਮੁਲਜ਼ਮਾਂ ਦੀ ਪਛਾਣ ਜਿਤੇਂਦਰ ਰਾਮਚੰਦਰ ਸਾਹੂ (32) ਤੇ ਨੀਤੂ ਸ਼ੰਕਰ ਰਹੂਜਾ (22) ਵਾਸੀ ਭੋਪਾਲ, ਮੱਧ ਪ੍ਰਦੇਸ਼ ਵਜੋਂ ਹੋਈ ਹੈ। ਮਹਾਰਾਸ਼ਟਰ ਪੁਲਿਸ ਨੇ ਇੱਕ ਮੀਡੀਆ ਗਰੁੱਪ ਨਾਲ ਗੱਲਬਾਤ ਕਰਦੇ ਹੋਏ ਇਹ ਖੁਲਾਸਾ ਕੀਤਾ ਹੈ। ਮਹਾਰਾਸ਼ਟਰ ਪੁਲਿਸ ਦੀ ਮੁੱਢਲੀ ਪੁੱਛਗਿੱਛ ਦੌਰਾਨ ਲੜਕੀ ਨੇ ਮੰਨਿਆ ਕਿ ਉਸ ਨੇ ਗੋਆ ਦੇ ਰਹਿਣ ਵਾਲੇ 77 ਸਾਲਾ ਨਿਮਸ ਢਿੱਲੋਂ ਨਾਲ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ‘ਤੇ ਗੱਲਬਾਤ ਸ਼ੁਰੂ ਕੀਤੀ ਸੀ। ਨਰੋਤਮ ਢਿੱਲੋਂ ਨੇ ਖੁਦ ਉਸ ਨੂੰ ਇੰਸਟਾਗ੍ਰਾਮ ‘ਤੇ ਮੈਸੇਜ ਕੀਤਾ ਸੀ ਤੇ ਉਸ ਨੂੰ ਗੋਆ ਆਉਣ ਅਤੇ ਬੰਗਲੇ ‘ਚ ਰਹਿਣ ਦਾ ਸੱਦਾ ਦਿੱਤਾ ਸੀ। ਨਰੋਤਮ ਦੇ ਸੱਦੇ ‘ਤੇ ਲੜਕੀ ਆਪਣੇ ਦੋ ਹੋਰ ਦੋਸਤਾਂ ਨਾਲ ਉਸ ਨੂੰ ਮਿਲਣ ਗੋਆ ਆਈ ਸੀ।
ਗ੍ਰਿਫਤਾਰ ਲੜਕੀ ਨੇ ਦਾਅਵਾ ਕੀਤਾ ਹੈ ਕਿ 4 ਫਰਵਰੀ ਸ਼ਨੀਵਾਰ ਦੁਪਹਿਰ ਕਰੀਬ 3 ਵਜੇ ਨਿਮਸ ਨੇ ਉਸ ਨਾਲ ਛੇੜਛਾੜ ਕੀਤੀ ਸੀ। ਇਸ ਤੋਂ ਬਾਅਦ ਦੋਵਾਂ ਵਿਚਾਲੇ ਝਗੜਾ ਹੋ ਗਿਆ ਤੇ ਤਿੰਨਾਂ ਨੇ ਮਿਲ ਕੇ ਕਤਲ ਕਰ ਦਿੱਤਾ। ਬਜ਼ੁਰਗ ਦੀ ਮੌਤ ਤੋਂ ਬਾਅਦ ਲੜਕੀ ਅਤੇ ਉਸ ਦੇ ਦੋ ਦੋਸਤ ਉਥੋਂ ਭੱਜ ਗਏ। ਫਰਾਰ ਹੋਣ ਤੋਂ ਪਹਿਲਾਂ ਦੋਵਾਂ ਨੇ ਨਰੋਤਮ ਦਾ ਮੋਬਾਈਲ ਫੋਨ, ਗਲੇ ਦੀ ਚੇਨ ਤੇ ਸੋਨੇ ਦੇ ਕੜੇ ਵੀ ਲੁੱਟ ਲਏ ਸਨ।