ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 16 ਫਰਵਰੀ ਨੂੰ ਹਰਿਆਣਾ ਦੌਰੇ ਨੂੰ ਲੈ ਕੇ ਵੱਡੇ ਪੱਧਰ ‘ਤੇ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਇਸ ਦਿਨ ਰੇਵਾੜੀ AIIMS ਦਾ ਨੀਂਹ ਪੱਥਰ ਰੱਖਣ ਦੇ ਨਾਲ-ਨਾਲ ਪ੍ਰਧਾਨ ਮੰਤਰੀ ਵਿਕਾਸ ਭਾਰਤ ਰੈਲੀ ਨੂੰ ਵੀ ਸੰਬੋਧਨ ਕਰਨਗੇ। ਮੁੱਖ ਮੰਤਰੀ ਮਨੋਹਰ ਲਾਲ, ਕੇਂਦਰੀ ਮੰਤਰੀ ਰਾਓ ਇੰਦਰਜੀਤ ਸਿੰਘ ਅਤੇ ਸਾਰੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ ਪੀਐਮ ਦੇ ਦੌਰੇ ਤੋਂ ਪਹਿਲਾਂ 11 ਫਰਵਰੀ ਨੂੰ ਸੀਐਮ ਮਨੋਹਰ ਲਾਲ ਰੇਵਾੜੀ ਦੇ ਪਿੰਡ ਮਾਜਰਾ ਵਿੱਚ ਸਥਿਤ AIIMS ਦੀ ਜਗ੍ਹਾ ਦਾ ਮੁਆਇਨਾ ਵੀ ਕਰ ਸਕਦੇ ਹਨ। ਠੀਕ 10 ਸਾਲ ਬਾਅਦ ਪ੍ਰਧਾਨ ਮੰਤਰੀ ਰੇਵਾੜੀ ਤੋਂ ਮੁੜ ਲੋਕ ਸਭਾ ਚੋਣ ਪ੍ਰਚਾਰ ਦੀ ਸ਼ੁਰੂਆਤ ਕਰਨ ਜਾ ਰਹੇ ਹਨ। 13 ਸਤੰਬਰ 2013 ਨੂੰ ਭਾਰਤੀ ਜਨਤਾ ਪਾਰਟੀ ਵੱਲੋਂ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਅਹੁਦੇ ਦਾ ਉਮੀਦਵਾਰ ਐਲਾਨਣ ਤੋਂ ਦੋ ਦਿਨ ਬਾਅਦ ਹੀ 15 ਸਤੰਬਰ ਨੂੰ ਨਰਿੰਦਰ ਮੋਦੀ ਨੇ ਰੇਵਾੜੀ ਵਿੱਚ ਹੀ ਸਾਬਕਾ ਸੈਨਿਕਾਂ ਦੀ ਇੱਕ ਰੈਲੀ ਨੂੰ ਸੰਬੋਧਨ ਕਰਕੇ ਆਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ। 2024 ਦੀਆਂ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਰੇਵਾੜੀ ਵਿੱਚ ਏਮਜ਼ ਪ੍ਰਾਜੈਕਟ ਦੇ ਨੀਂਹ ਪੱਥਰ ਸਮਾਗਮ ਮੌਕੇ ਪ੍ਰਧਾਨ ਮੰਤਰੀ ਦੀ ਅਜਿਹੀ ਹੀ ਵੱਡੀ ਰੈਲੀ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਖੇਤਰ ਦੇ ਸੰਸਦ ਮੈਂਬਰ ਅਤੇ ਕੇਂਦਰ ਸਰਕਾਰ ਵਿੱਚ ਰਾਜ ਮੰਤਰੀ ਰਾਓ ਇੰਦਰਜੀਤ ਸਿੰਘ ਨੇ ਵੀ ਪ੍ਰਧਾਨ ਮੰਤਰੀ ਦੇ ਦੌਰੇ ਨੂੰ ਅੰਤਿਮ ਰੂਪ ਦਿੰਦੇ ਹੀ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। 11 ਫਰਵਰੀ ਰਾਓ ਇੰਦਰਜੀਤ ਸਿੰਘ ਦਾ ਜਨਮ ਦਿਨ ਹੈ। ਉਹ ਇਸ ਦਿਨ ਰੇਵਾੜੀ ‘ਚ ਹੋਣਗੇ। ਜਿੱਥੇ ਉਹ ਏਮਜ਼ ਪ੍ਰੋਜੈਕਟ ਅਤੇ ਰੈਲੀ ਦੀਆਂ ਤਿਆਰੀਆਂ ਸਬੰਧੀ ਵਰਕਰਾਂ ਦੀ ਮੀਟਿੰਗ ਵੀ ਕਰਨਗੇ।