ਕਿਸਾਨ ਅੱਜ ਦਿੱਲੀ ਵੱਲ ਕੂਚ ਕਰ ਰਹੇ ਹਨ। ਇਸ ਲਈ ਸ਼ੰਭੂ ਤੇ ਖਨੌਰੀ ਸਰਹੱਦ ਉਪਰ ਅੰਦੋਲਨ ਹਿੰਸਕ ਰੂਪ ਧਾਰਨ ਕਰ ਸਕਦਾ ਹੈ। ਪੰਜ ਦਿਨਾਂ ਦੇ ਸੀਜ਼ਫਾਇਰ ਤੋਂ ਬਾਅਦ ਅੱਜ ਕਿਸਾਨਾਂ ਨੇ ਹਰਿਆਣਾ ਵੱਲ ਵਧਣ ਦਾ ਐਲਾਨ ਕੀਤਾ ਹੈ। ਉਧਰ, ਕਿਸਾਨਾਂ ਦੀਆਂ ਵੱਡੀਆਂ-ਵੱਡੀਆਂ ਮਸ਼ੀਨਾਂ ਵੇਖ ਹਰਿਆਣਾ ਸਰਕਾਰ ਵੀ ਅਲਰਟ ਹੋ ਗਈ ਹੈ।
ਦੱਸ ਦਈਏ ਕਿ ਮੰਗਲਵਾਰ ਨੂੰ ਸ਼ੰਭੂ ਬਾਰਡਰ ‘ਤੇ ਕਿਸਾਨਾਂ ਨੇ ਆਪਣੀ ਤਾਕਤ ਦਾ ਪ੍ਰਦਰਸ਼ਨ ਕੀਤਾ ਜਿਸ ਤੋਂ ਬਾਅਦ ਹਰਿਆਣਾ ਦੇ ਡੀਜੀਪੀ ਵੱਲੋਂ ਪੰਜਾਬ ਦੇ ਡੀਜੀਪੀ ਨੂੰ ਸਥਿਤੀ ਕਾਬੂ ਵਿੱਚ ਰੱਖਣ ਲਈ ਪੱਤਰ ਲਿਖਿਆ ਗਿਆ। ਹਰਿਆਣਾ ਦੇ ਡੀਜੀਪੀ ਵੱਲੋਂ ਭੇਜੇ ਪੱਤਰ ਵਿੱਚ ਸਪੱਸ਼ਟ ਲਿਖਿਆ ਗਿਆ ਹੈ ਕਿ ਕਿਸਾਨਾਂ ਨੇ ਭਾਰੀ ਮਸ਼ੀਨਰੀ ਪੋਕਲੇਨ ਮਸ਼ੀਨਾਂ ਤੇ ਜੇਸੀਬੀ ਨੂੰ ਮੋਡੀਫਾਈ ਕਰਕੇ ਲਿਆਂਦਾ ਹੈ। ਕਿਸਾਨ ਇਸ ਦੀ ਵਰਤੋਂ ਬੈਰੀਕੇਡ ਤੋੜਨ ਲਈ ਕਰਨਗੇ। ਇਸ ਕਾਰਨ ਹਰਿਆਣਾ ਪੁਲਿਸ ਦੇ ਜਵਾਨਾਂ ਤੇ ਅਰਧ ਸੈਨਿਕ ਬਲਾਂ ਨੂੰ ਨੁਕਸਾਨ ਹੋ ਸਕਦਾ ਹੈ।
ਉਨ੍ਹਾਂ ਪੰਜਾਬ ਦੇ ਡੀਜੀਪੀ ਨੂੰ ਇਹ ਮਸ਼ੀਨਾਂ ਜ਼ਬਤ ਕਰਨ ਲਈ ਕਿਹਾ ਹੈ। ਇੰਨਾ ਹੀ ਨਹੀਂ ਕਿਸਾਨਾਂ ਨੂੰ ਮਸ਼ੀਨਾਂ ਮੁਹੱਈਆ ਕਰਵਾਉਣ ਵਾਲਿਆਂ ਖਿਲਾਫ ਕਾਰਵਾਈ ਕਰਨ ਲਈ ਵੀ ਕਿਹਾ ਗਿਆ ਹੈ। ਹਰਿਆਣਾ ਦੇ ਡੀਜੀਪੀ ਵੱਲੋਂ ਪੱਤਰ ਮਿਲਣ ਤੋਂ ਬਾਅਦ ਪੰਜਾਬ ਦੇ ਸਾਰੇ ਪੁਲਿਸ ਕਮਿਸ਼ਨਰਾਂ ਤੇ ਐਸਐਸਪੀਜ਼ ਨੂੰ ਪੰਜਾਬ-ਹਰਿਆਣਾ ਸਰਹੱਦ ਵੱਲ ਕਿਸੇ ਵੀ ਭਾਰੀ ਮਸ਼ੀਨਰੀ ਤੇ ਜੇਸੀਬੀ ਜਾਂ ਪੋਕਲੇਨ ਨੂੰ ਨਾ ਜਾਣ ਦੇਣ ਦੇ ਹੁਕਮ ਦਿੱਤੇ ਗਏ ਹਨ। ਦੱਸ ਦਈਏ ਕਿ ਚੌਥੇ ਦੌਰ ਦੀ ਮੀਟਿੰਗ ਦੀ ਅਸਫਲਤਾ ਤੋਂ ਬਾਅਦ ਕਿਸਾਨਾਂ ਨੇ ਦਿੱਲੀ ਵੱਲ ਮਾਰਚ ਕਰਨ ਦਾ ਐਲਾਨ ਕੀਤਾ ਹੈ। ਕਿਸਾਨ ਅੱਗੇ ਵਧਣਾ ਚਾਹੁੰਦੇ ਹਨ, ਪਰ ਹਰਿਆਣਾ ਸਰਕਾਰ ਨੇ ਬੈਰੀਕੇਡ ਲਗਾ ਕੇ ਨੀਮ ਫ਼ੌਜੀ ਬਲ ਤੇ ਪੁਲਿਸ ਬਲ ਤਾਇਨਾਤ ਕੀਤੇ ਹੋਏ ਹਨ। ਇਨ੍ਹਾਂ ਨੂੰ ਹਟਾਉਣ ਲਈ ਕਿਸਾਨਾਂ ਨੇ ਪੋਕਲੇਨ ਮਸ਼ੀਨਾਂ ਮੰਗਵਾ ਲਈਆਂ ਹਨ। ਇਸ ਨੂੰ ਬਖਤਰਬੰਦ ਵਾਹਨ ‘ਚ ਤਬਦੀਲ ਕੀਤਾ ਹੋਇਆ ਹੈ, ਜਿਸ ਨਾਲ ਇਸ ‘ਤੇ ਗੋਲੀਬਾਰੀ ਦਾ ਵੀ ਕੋਈ ਅਸਰ ਨਹੀਂ ਹੋਇਆ। ਇੰਨਾ ਹੀ ਨਹੀਂ ਕਿਸਾਨ ਪਾਣੀ ਦੀਆਂ ਟੈਂਕੀਆਂ ਵੀ ਲੈ ਕੇ ਪਹੁੰਚ ਰਹੇ ਹਨ ਤਾਂ ਜੋ ਅੱਥਰੂ ਗੈਸ ਦੇ ਗੋਲਿਆਂ ਨਾਲ ਨਜਿੱਠਿਆ ਜਾ ਸਕੇ।