ਭਾਰਤ ਦੇ ਪ੍ਰਸਿੱਧ ਨਿਆਂਕਾਰ ਅਤੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਫਾਲੀ ਐਸ ਨਰੀਮਨ ਦਾ ਬੁਧਵਾਰ ਨੂੰ 95 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ। ਉਨ੍ਹਾਂ ਨੇ ਦਿੱਲੀ ਵਿਚ ਆਖਰੀ ਸਾਹ ਲਿਆ। ਨਰੀਮਨ ਕੋਲ ਵਕੀਲ ਵਜੋਂ 70 ਸਾਲਾਂ ਤੋਂ ਵੱਧ ਦਾ ਤਜਰਬਾ ਸੀ।
ਨਵੰਬਰ 1950 ਵਿਚ, ਫਾਲੀ ਐਸ ਨਰੀਮਨ ਬੰਬੇ ਹਾਈ ਕੋਰਟ ਵਿਚ ਇਕ ਵਕੀਲ ਵਜੋਂ ਰਜਿਸਟਰ ਹੋਏ ਸਨ। ਉਨ੍ਹਾਂ ਨੂੰ 1961 ਵਿਚ ਸੀਨੀਅਰ ਵਕੀਲ ਦਾ ਦਰਜਾ ਦਿਤਾ ਗਿਆ ਸੀ। ਬੰਬੇ ਹਾਈ ਕੋਰਟ ਤੋਂ ਬਾਅਦ, ਨਰੀਮਨ ਨੇ 1972 ਵਿਚ ਭਾਰਤ ਦੀ ਸੁਪਰੀਮ ਕੋਰਟ ਵਿਚ ਅਭਿਆਸ ਸ਼ੁਰੂ ਕੀਤਾ। ਉਨ੍ਹਾਂ ਨੂੰ ਮਈ 1972 ਵਿਚ ਭਾਰਤ ਦਾ ਵਧੀਕ ਸਾਲਿਸਟਰ ਜਨਰਲ ਨਿਯੁਕਤ ਕੀਤਾ ਗਿਆ ਸੀ। ਨਰੀਮਨ ਨੂੰ ਜਨਵਰੀ 1991 ਵਿਚ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ। 2007 ਵਿਚ ਵੀ ਉਨ੍ਹਾਂ ਨੂੰ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ। ਸੀਨੀਅਰ ਵਕੀਲ ਹੋਣ ਦੇ ਨਾਲ-ਨਾਲ ਉਹ 1991 ਤੋਂ 2010 ਤਕ ਬਾਰ ਐਸੋਸੀਏਸ਼ਨ ਆਫ ਇੰਡੀਆ ਦੇ ਪ੍ਰਧਾਨ ਵੀ ਰਹੇ। ਇਸ ਦੇ ਨਾਲ ਹੀ ਉਨ੍ਹਾਂ ਦਾ ਕੱਦ ਅੰਤਰਰਾਸ਼ਟਰੀ ਪੱਧਰ ‘ਤੇ ਵੀ ਬਹੁਤ ਉੱਚਾ ਰਿਹਾ। ਨਰੀਮਨ 1989 ਤੋਂ 2005 ਤਕ ਇੰਟਰਨੈਸ਼ਨਲ ਚੈਂਬਰ ਆਫ ਕਾਮਰਸ ਦੇ ਇੰਟਰਨੈਸ਼ਨਲ ਕੋਰਟ ਆਫ ਆਰਬਿਟਰੇਸ਼ਨ ਦੇ ਵਾਈਸ-ਚੇਅਰਮੈਨ ਵੀ ਰਹੇ। ਉਹ 1995 ਤੋਂ 1997 ਤਕ ਜਿਨੀਵਾ ਦੇ ਇੰਟਰਨੈਸ਼ਨਲ ਕਮਿਸ਼ਨ ਆਫ ਜਿਊਰਿਸਟਸ ਦੀ ਕਾਰਜਕਾਰੀ ਕਮੇਟੀ ਦੇ ਚੇਅਰਮੈਨ ਵੀ ਰਹੇ।