ਸੰਕਟ ਵਿੱਚ ਫੱਸੀ ਐਡਟੈਕ ਕੰਪਨੀ ਬਾਈਜੂ ਦੇ ਚਾਰ ਨਿਵੇਸ਼ਕਾਂ ਨੇ ਕੰਪਨੀ ਦੇ ਪ੍ਰਬੰਧਨ ‘ਤੇ ਦੁਰਪ੍ਰਬੰਧ ਅਤੇ ਪਰੇਸ਼ਾਨੀ ਦਾ ਦੋਸ਼ ਲਗਾਉਂਦੇ ਹੋਏ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ (NCLT) ‘ਚ ਕੇਸ ਦਾਇਰ ਕੀਤਾ ਹੈ। ਉਨ੍ਹਾਂ ਕੰਪਨੀ ਦੇ ਸੰਸਥਾਪਕ ਬਾਈਜੂ ਰਵਿੰਦਰਨ ਨੂੰ ਕੰਪਨੀ ਚਲਾਉਣ ਤੋਂ ਅਯੋਗ ਠਹਿਰਾਉਣ ਦੀ ਮੰਗ ਕਰਦਿਆਂ ਕਿਹਾ ਕਿ ਬਾਈਜੂ ਦਾ ਫੋਰੈਂਸਿਕ ਆਡਿਟ ਕਰਵਾਇਆ ਜਾਵੇ। ਇਸ ਤੋਂ ਇਲਾਵਾ ਕੰਪਨੀ ਵਿੱਚ ਨਵਾਂ ਬੋਰਡ ਨਿਯੁਕਤ ਕੀਤਾ ਜਾਵੇ ਅਤੇ ਰਾਈਟਸ ਦੇ ਮੁੱਦੇ ਨੂੰ ਰੱਦ ਕੀਤਾ ਜਾਵੇ।
ਅੱਜ ਸੱਦੀ ਗਈ ਸੀ ਬਾਈਜੂ ਦੀ ਈਜੀਐਮ
ਅੱਜ ਬਾਈਜੂ ਵਿੱਚ ਇੱਕ ਅਸਧਾਰਨ ਜਨਰਲ ਮੀਟਿੰਗ (ਈਜੀਐਮ) ਬੁਲਾਈ ਗਈ ਅਤੇ ਕੰਪਨੀ ਦੇ ਸੰਸਥਾਪਕ ਬੀਜੂ ਰਵਿੰਦਰਨ ਨੂੰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਸਮੇਤ ਕੰਪਨੀ ਵਿੱਚੋਂ ਬਾਹਰ ਕਰਨ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।
ਵਿਰੋਧੀ ਨਿਵੇਸ਼ਕਾਂ ਕੋਲ ਰਵਿੰਦਰਨ ਐਂਡ ਫੈਮਿਲੀ ਤੋਂ ਜ਼ਿਆਦਾ ਹਿੱਸਾ
ਜਿਨ੍ਹਾਂ ਨਿਵੇਸ਼ਕਾਂ ਨੇ ਰਵਿੰਦਰਨ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਕੰਪਨੀ ਤੋਂ ਬਾਹਰ ਕਰਨ ਦੀ ਮੰਗ ਕਰਦੇ ਹੋਏ ਈਜੀਐਮ ਬੁਲਾਈ ਸੀ, ਉਨ੍ਹਾਂ ਦੀ ਕੰਪਨੀ ਵਿੱਚ 30 ਪ੍ਰਤੀਸ਼ਤ ਤੋਂ ਵੱਧ ਹਿੱਸੇਦਾਰੀ ਹੈ। ਰਵਿੰਦਰਨ, ਉਸਦੀ ਪਤਨੀ ਅਤੇ ਉਸਦੇ ਭਰਾ ਦੀ ਥਿੰਕ ਐਂਡ ਲਰਨ ਪ੍ਰਾਈਵੇਟ ਲਿਮਟਿਡ ਵਿੱਚ 26.3 ਪ੍ਰਤੀਸ਼ਤ ਹਿੱਸੇਦਾਰੀ ਹੈ। ਥਿੰਕ ਐਂਡ ਲਰਨ ਪ੍ਰਾਈਵੇਟ ਲਿਮਟਿਡ ਬਾਈਜੂ ਦੀ ਮੂਲ ਕੰਪਨੀ ਹੈ।
ਬੀਜੂ ਰਵਿੰਦਰਨ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਈਜੀਐਮ ਵਿੱਚ ਨਹੀਂ ਹੋਏ ਸ਼ਾਮਲ
ਮਨੀਕੰਟਰੋਲ ਦੀ ਰਿਪੋਰਟ ਦੇ ਅਨੁਸਾਰ, ਕੰਪਨੀ ਦੇ ਸੰਸਥਾਪਕ ਅਤੇ ਸੀਈਓ ਬੀਜੂ ਰਵਿੰਦਰਨ, ਉਨ੍ਹਾਂ ਦੀ ਪਤਨੀ ਅਤੇ ਸਹਿ-ਸੰਸਥਾਪਕ ਦਿਵਿਆ ਗੋਕੁਲਨਾਥ ਅਤੇ ਰਵਿੰਦਰਨ ਦੇ ਭਰਾ ਰਿਜੂ ਰਵਿੰਦਰਨ ਇਸ ਈਜੀਐਮ ਵਿੱਚ ਸ਼ਾਮਲ ਨਹੀਂ ਹੋਏ।
ਬੀਜੂ ‘ਤੇ ਚੱਲ ਰਿਹਾ ਗੰਭੀਰ ਵਿੱਤੀ ਸੰਕਟ
ਕਿਸੇ ਸਮੇਂ ਦੇਸ਼ ਦੀ ਸਭ ਤੋਂ ਕੀਮਤੀ ਸਟਾਰਟਅੱਪ ਕਹੀ ਜਾਣ ਵਾਲੀ ਬਾਈਜੂ ਹੁਣ ਗੰਭੀਰ ਵਿੱਤੀ ਪਰੇਸ਼ਾਨੀਆਂ ਨਾਲ ਘਿਰੀ ਹੋਈ ਹੈ। ਬਾਈਜੂ ਨੂੰ ਵਿੱਤੀ ਸਾਲ 2022 ‘ਚ 8245 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਇਸ ਤੋਂ ਬਾਅਦ, ਬਾਈਜੂ ਨਾ ਸਿਰਫ ਘਾਟੇ ‘ਚ ਚੱਲ ਰਹੀ ਸਭ ਤੋਂ ਵੱਡੀ ਸਟਾਰਟਅੱਪ ਬਣ ਗਈ, ਸਗੋਂ ਦੇਸ਼ ਦੀ ਸਭ ਤੋਂ ਜ਼ਿਆਦਾ ਘਾਟੇ ‘ਚ ਚੱਲਣ ਵਾਲੀ ਕੰਪਨੀਆਂ ‘ਚੋਂ ਇਕ ਬਣ ਗਈ। ਅੰਕੜਿਆਂ ਦੇ ਅਨੁਸਾਰ, ਬਾਈਜੂ ਦਾ ਬਾਜ਼ਾਰ ਮੁੱਲ ਘੱਟ ਕੇ 1 ਬਿਲੀਅਨ ਡਾਲਰ ਰਹਿ ਗਿਆ ਹੈ, ਜੋ ਅਪ੍ਰੈਲ 2023 ਵਿੱਚ ਲਗਭਗ 22 ਬਿਲੀਅਨ ਡਾਲਰ ਸੀ।