ਅੰਮ੍ਰਿਤਸਰ ‘ਚ ਬਨੈਣ ਵਾਲੇ ਥਾਣੇਦਾਰ ਦੀ ਵੀਡੀਓ ਵਾਇਰਲ ਹੋਣ ਮਗਰੋਂ ਪੁਲਿਸ ਨੇ ਐਕਸ਼ਨ ਲਿਆ ਹੈ। ਪੁਲਿਸ ਕਮਿਸ਼ਨਰ ਨੇ ਸਬ ਇੰਸਪੈਕਟਰ ਸਵਰਨ ਸਿੰਘ ਨੂੰ ਸਸਪੈਂਡ ਕਰ ਦਿੱਤਾ ਹੈ। ਇਹ ਸਬ ਇੰਸਪੈਕਟਰ ਅੰਮ੍ਰਿਤਸਰ ਦੇ ਥਾਣੇ ਅੰਦਰ ਵਰਦੀ ਦੀ ਥਾਂ ਬਨੈਣ ਪਹਿਣ ਕੇ ਲੋਕਾਂ ਨਾਲ ਡੀਲ ਕਰ ਰਿਹਾ ਸੀ। ਉਸ ਦੀ ਵੀਡੀਓ ਵਾਇਰਲ ਹੋਈ ਤਾਂ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਵੀ ਹਰਕਤ ਵਿੱਚ ਆ ਗਿਆ। ਪੁਲਿਸ ਨੇ ਸਬ ਇੰਸਪੈਕਟਰ ਦੀ ਪਛਾਣ ਕਰਕੇ ਉਸ ਨੂੰ ਮੁਅੱਤਲ ਕਰ ਦਿੱਤਾ।
ਹਾਸਲ ਜਾਣਕਾਰੀ ਅਨੁਸਾਰ ਇਹ ਘਟਨਾ ਰਾਮਬਾਗ-ਡਵੀਜ਼ਨ ਥਾਣੇ ਦੀ ਸੀ। ਕੋਈ ਵਿਅਕਤੀ ਆਪਣੇ ਘਰ ‘ਤੇ ਹਮਲੇ ਦੀ ਸ਼ਿਕਾਇਤ ਲੈ ਕੇ ਥਾਣੇ ਆਇਆ ਸੀ। ਥਾਣੇ ਅੰਦਰ ਪੁਲਿਸ ਮੁਲਾਜ਼ਮ ਬਨੈਣ ਪਾਈ ਬੈਠਾ ਸੀ ਤੇ ਬਿਨਾਂ ਵਰਦੀ ਪਾਏ ਹੀ ਸ਼ਿਕਾਇਤਕਰਤਾ ਨਾਲ ਗੱਲਬਾਤ ਕਰਨ ਲੱਗ ਪਿਆ। ਇਸ ਦੌਰਾਨ ਕਿਸੇ ਨੇ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ। ਵੀਡੀਓ ਵਿੱਚ ਸਬ ਇੰਸਪੈਕਟਰ ਸਵਰਨ ਸਿੰਘ ਦੇ ਵਾਲ ਖਿੱਲਰੇ ਹੋਏ ਸਨ ਤੇ ਉਸ ਦੀ ਬੈਲਟ ਇੱਕ ਪਾਸੇ ਪਈ ਹੋਈ ਸੀ। ਸ਼ਿਕਾਇਤਕਰਤਾ ਨਾਲ ਗੱਲਬਾਤ ਕਰਦਿਆਂ ਉਹ ਕੁਝ ਖਾ ਰਿਹਾ ਸੀ, ਖਾਣੇ ਦਾ ਭਾਂਡਾ ਵੀ ਸਾਹਮਣੇ ਹੀ ਪਿਆ ਸੀ। ਇਸ ਦੌਰਾਨ ਉਸ ਨੇ ਗਲਾਸ ਚੁੱਕ ਕੇ ਦੂਜੇ ਪਾਸੇ ਰੱਖ ਦਿੱਤਾ। ਕਿਸੇ ਨੇ ਉਕਤ ਸਬ ਇੰਸਪੈਕਟਰ ਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ। ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਤੁਰੰਤ ਹਰਕਤ ‘ਚ ਆ ਗਈ। ਏਡੀਸੀਪੀ ਨਵਜੋਤ ਸਿੰਘ ਨੇ ਦੱਸਿਆ ਕਿ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦਿਆਂ ਸਬ ਇੰਸਪੈਕਟਰ ਸਵਰਨ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ। ਬਨੈਣ ਪਾ ਕੇ ਲੋਕਾਂ ਨਾਲ ਡੀਲ ਕਰਨਾ ਨਿੰਦਣਯੋਗ ਹੈ। ਸਬ ਇੰਸਪੈਕਟਰ ਖ਼ਿਲਾਫ਼ ਵਿਭਾਗੀ ਕਾਰਵਾਈ ਕੀਤੀ ਜਾਵੇਗੀ।