ਬੈਂਗਲੁਰੂ ਦੇ ਰਾਮੇਸ਼ਵਰਮ ਕੈਫੇ ‘ਚ ਸ਼ੁੱਕਰਵਾਰ (1 ਮਾਰਚ) ਦੁਪਹਿਰ ਨੂੰ ਬੰਬ ਧਮਾਕਾ ਕਰਨ ਵਾਲੇ ਵਿਅਕਤੀ ਦੀ ਪਛਾਣ ਕਰ ਲਈ ਗਈ ਹੈ। ਇਸ ਬਾਰੇ ਉਪ ਮੁੱਖ ਮੰਤਰੀ ਡੀਕੇ ਸ਼ਿਵਕੁਮਾਰ ਨੇ ਕਿਹਾ ਕਿ ਸੀਸੀਟੀਵੀ ਰਾਹੀਂ ਮੁਲਜ਼ਮ ਦੀ ਪਛਾਣ ਕਰ ਲਈ ਗਈ ਹੈ। ਮੁਲਜ਼ਮ ਦੀ ਉਮਰ 28 ਤੋਂ 30 ਸਾਲ ਦਰਮਿਆਨ ਹੈ। ਉਸਨੇ ਕੈਫੇ ਦੇ ਅੰਦਰ ਡਿਵਾਈਸਾਂ ਨਾਲ ਭਰਿਆ ਬੈਗ ਰੱਖਿਆ ਹੋਇਆ ਸੀ। ਬੈਗ ਰੱਖਣ ਤੋਂ ਥੋੜ੍ਹੀ ਦੇਰ ਬਾਅਦ ਹੀ ਧਮਾਕਾ ਹੋ ਗਿਆ ਅਤੇ ਦਸ ਦੇ ਕਰੀਬ ਲੋਕ ਜ਼ਖ਼ਮੀ ਹੋ ਗਏ।
ਵਿਸ਼ੇਸ਼ ਟੀਮ ਕਰ ਰਹੀ ਜਾਂਚ
ਸੂਤਰਾਂ ਮੁਤਾਬਕ ਬੈਂਗਲੁਰੂ ਪੁਲਿਸ ਨੇ ਇਸ ਮਾਮਲੇ ‘ਚ ਇਕ ਵਿਅਕਤੀ ਨੂੰ ਹਿਰਾਸਤ ‘ਚ ਵੀ ਲਿਆ ਹੈ। ਉਹ ਬੈਂਗਲੁਰੂ ਦਾ ਰਹਿਣ ਵਾਲਾ ਹੈ। ਕੇਂਦਰੀ ਅਪਰਾਧ ਬਿਊਰੋ ਦੀ ਵਿਸ਼ੇਸ਼ ਟੀਮ ਉਸ ਤੋਂ ਪੁੱਛਗਿੱਛ ਕਰ ਰਹੀ ਹੈ। ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਨੇ ਸ਼ੁੱਕਰਵਾਰ ਨੂੰ ਹੀ ਪੁਸ਼ਟੀ ਕੀਤੀ ਸੀ ਕਿ ਧਮਾਕਾ ਆਈਈਡੀ ਕਾਰਨ ਹੋਇਆ ਸੀ। ਦੋਸ਼ੀ ਪਹਿਲਾਂ ਕੈਫੇ ‘ਚ ਜਾ ਕੇ ਰਵਾ ਇਡਲੀ ਦਾ ਕੂਪਨ ਲੈ ਕੇ ਗਿਆ ਸੀ ਪਰ ਉਹ ਖਾਣਾ ਖਾਧੇ ਬਿਨਾਂ ਹੀ ਚਲਾ ਗਿਆ। ਇਸ ਦੌਰਾਨ ਉਹ ਆਪਣਾ ਬੈਗ ਕੈਫੇ ਵਿਚ ਹੀ ਛੱਡ ਗਿਆ, ਜਿਸ ਬੈਗ ਵਿਚ ਉਹ ਕਥਿਤ ਤੌਰ ‘ਤੇ ਆਈ.ਈ.ਡੀ. ਲੈ ਕੇ ਆਇਆ ਸੀ।
HAL ਥਾਣੇ ਵਿੱਚ ਕੇਸ ਦਰਜ
ਰਿਪੋਰਟ ਮੁਤਾਬਕ ਹੁਣ ਤੱਕ ਦੀ ਪੁਲਸ ਜਾਂਚ ‘ਚ ਸਾਹਮਣੇ ਆਇਆ ਹੈ ਕਿ ਉਸ ਬੈਗ ਤੋਂ ਇਲਾਵਾ ਕੈਫੇ ਦੇ ਅਹਾਤੇ ‘ਚ ਹੋਰ ਕਿਤੇ ਵੀ ਕੋਈ ਆਈਈਡੀ ਨਹੀਂ ਮਿਲੀ ਹੈ। ਸਮਾਚਾਰ ਏਜੰਸੀ ਪੀਟੀਆਈ ਦੀ ਰਿਪੋਰਟ ਮੁਤਾਬਕ ਸੀਐਮ ਦਾ ਕਹਿਣਾ ਹੈ ਕਿ ਇਹ ਸਪੱਸ਼ਟ ਨਹੀਂ ਹੈ ਕਿ ਇਹ ਅੱਤਵਾਦੀ ਘਟਨਾ ਸੀ ਜਾਂ ਨਹੀਂ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇੱਕ ਸੀਨੀਅਰ ਪੁਲਿਸ ਅਧਿਕਾਰੀ ਦੇ ਅਨੁਸਾਰ, ਇਸ ਸਬੰਧ ਵਿੱਚ ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ (ਯੂਏਪੀਏ) ਅਤੇ ਵਿਸਫੋਟਕ ਪਦਾਰਥ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਫੋਰੈਂਸਿਕ ਮਾਹਿਰਾਂ ਅਤੇ ਬੰਬ ਨਿਰੋਧਕ ਦਸਤੇ ਨੇ ਵੀ ਘਟਨਾ ਸਥਾਨ ਦਾ ਦੌਰਾ ਕੀਤਾ ਹੈ।
ਧਮਾਕੇ ਦੀ ਸੀਸੀਟੀਵੀ ਫੁਟੇਜ ਹੋਈ ਵਾਇਰਲ
ਇਸ ਬੰਬ ਧਮਾਕੇ ਦੀ ਇੱਕ ਸੀਸੀਟੀਵੀ ਫੁਟੇਜ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਕੁੱਝ ਸਕਿੰਟਾਂ ਦੇ ਇਸ ਵੀਡੀਓ ‘ਚ ਧਮਾਕਾ ਹੋਣ ਦਾ ਪਲ ਨਜ਼ਰ ਆ ਰਿਹਾ ਹੈ। ਧਮਾਕੇ ਤੋਂ ਬਾਅਦ ਲੋਕ ਮੌਕੇ ਤੋਂ ਭੱਜਦੇ ਹੋਏ ਦਿਖਾਈ ਦੇ ਰਹੇ ਹਨ।