ਰਾਜ ਲਾਲੀ ਗਿੱਲ ਨੇ ਮਹਿਲਾ ਬੰਦੀਆਂ ਦੀਆਂ ਮੁਸ਼ਕਿਲਾਂ ਨੂੰ ਡੁੰਘਾਈ ਨਾਲ ਸੁਣਿਆ ਅਤੇ ਉਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਤੁਹਾਡੀਆਂ ਜਾਇਜ਼ ਮੁਸ਼ਕਿਲਾਂ ਦਾ ਸਮੇਂ ਸਿਰ ਨਿਪਟਾਰਾ ਕੀਤਾ ਜਾਵੇਗਾ।
ਚੇਅਰਪਰਸਨ, ਪੰਜਾਬ ਰਾਜ ਮਹਿਲਾ ਕਮਿਸ਼ਨ ਰਾਜ ਲਾਲੀ ਗਿੱਲ ਵੱਲੋਂ ਜਿਲ੍ਹੇ ਦੀ ਕੇਂਦਰੀ ਜੇਲ੍ਹ ਅੰਮ੍ਰਿਤਸਰ ਦਾ ਦੌਰਾ ਕੀਤਾ ਗਿਆ। ਚੇਅਰਪਰਸਨ ਨੇ ਮਹਿਲਾ ਕੈਦੀਆਂ ਨੂੰ ਮਿਲਣ ਵਾਲੀ ਸਹੂਲਤਾਂ ਦਾ ਜਾਇਜ਼ਾ ਲੈਂਦੇ ਹੋਏ ਕੇਂਦਰੀ ਜੇਲ੍ਹ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮਹਿਲਾ ਕੈਦੀਆਂ ਦਾ ਸਮੇਂ-ਸਮੇਂ ਸਿਰ ਮੈਡੀਕਲ ਜਾਂਚ ਕਰਵਾਈ ਜਾਵੇ ਅਤੇ ਮਹਿਲਾ ਬੰਦੀਆਂ ਨੂੰ ਕਾਨੂੰਨੀ, ਡਾਕਟਰੀ ਤੇ ਸਿੱਖਿਆ ਆਦਿ ਦੀਆਂ ਸੇਵਾਵਾਂ ਮੁਹੱਈਆ ਕਰਵਾਈਆਂ ਜਾਣ ਤੇ ਮਿਲ ਰਹੀਆਂ ਸਹੂਲਤਾਂ ਦਾ ਨਿਰੀਖਣ ਕਰਕੇ ਉਨ੍ਹਾਂ ਨੂੰ ਬਿਹਤਰ ਕੀਤਾ ਜਾਵੇ। ਰਾਜ ਲਾਲੀ ਗਿੱਲ ਨੇ ਮਹਿਲਾ ਬੰਦੀਆਂ ਦੀਆਂ ਮੁਸ਼ਕਿਲਾਂ ਨੂੰ ਡੁੰਘਾਈ ਨਾਲ ਸੁਣਿਆ ਅਤੇ ਉਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਤੁਹਾਡੀਆਂ ਜਾਇਜ਼ ਮੁਸ਼ਕਿਲਾਂ ਦਾ ਸਮੇਂ ਸਿਰ ਨਿਪਟਾਰਾ ਕੀਤਾ ਜਾਵੇਗਾ।
ਇਸ ਮੌਕੇ ਕੁਝ ਮਹਿਲਾ ਬੰਦੀਆਂ ਵੱਲੋਂ ਆਪਣੇ ਅੰਡਰ ਟ੍ਰਾਇਲ ਕੇਸਾਂ ਨੂੰ ਲੈ ਕੇ ਕਮਿਸ਼ਨ ਨੂੰ ਕਿਹਾ ਕਿ ਲੰਬੇ ਸਮੇਂ ਤੋਂ ਉਨ੍ਹਾਂ ਦੇ ਕੇਸਾਂ ’ਤੇ ਕੋਈ ਵੀ ਕਾਰਵਾਈ ਨਹੀਂ ਹੋ ਰਹੀ, ਜਿਸ ’ਤੇ ਤੁਰੰਤ ਕਾਰਵਾਈ ਕਰਦੇ ਹੋਏ ਚੇਅਰਪਰਸਨ ਮਹਿਲਾ ਕਮਿਸ਼ਨ ਨੇ ਜੇਲ੍ਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਲੰਬੇ ਸਮੇਂ ਤੋਂ ਅੰਡਰ ਟ੍ਰਾਇਲ ਚੱਲ ਰਹੇ ਕੇਸਾਂ ਦੀ ਰਿਪੋਰਟ ਦਿੱਤੀ ਜਾਵੇ ਤਾਂ ਜੋ ਉਨ੍ਹਾਂ ਕੇਸਾਂ ਤੇ ਸਮੇਂ ਬੱਧ ਢੰਗ ਨਾਲ ਕਾਰਵਾਈ ਕਰਵਾਈ ਜਾ ਸਕੇ। ਉਨ੍ਹਾਂ ਕਿਹਾ ਕਿ ਕਮਿਸ਼ਨ ਦਾ ਫਰਜ਼ ਬਣਦਾ ਹੈ ਕਿ ਤੁਹਾਡੀਆਂ ਮੁਸ਼ਕਿਲਾਂ ਨੂੰ ਸੁਣਿਆ ਜਾਵੇ ਅਤੇ ਤੁਹਾਨੂੰ ਪੇਸ਼ ਆ ਰਹੀ ਮੁਸ਼ਕਿਲਾਂ ਦਾ ਪਹਿਲ ਦੇ ਆਧਾਰ ਉਤੇ ਹੱਲ ਕੀਤਾ ਜਾ ਸਕੇ।
ਚੇਅਰਪਰਸਨ ਮਹਿਲਾ ਕਮਿਸ਼ਨ ਨੇ ਮਹਿਲਾ ਬੰਦੀਆਂ ਵੱਲੋਂ ਤਿਆਰ ਕੀਤੇ ਗਏ ਉਤਪਾਦ ਵੀ ਦੇਖੇ ਅਤੇ ਕਿਹਾ ਕਿ ਜੇਲ੍ਹ ਪ੍ਰਸ਼ਾਸਨ ਦਾ ਇਹ ਬਹੁਤ ਵਧੀਆ ਉਪਰਾਲਾ ਹੈ ਕਿ ਮਹਿਲਾ ਬੰਦੀਆਂ ਵੱਲੋਂ ਤਿਆਰ ਕਰਵਾਏ ਗਏ ਸੂਟ, ਬੱਚਿਆਂ ਦੇ ਖਿਡੌਣੇ, ਟੈਡੀ ਬੀਅਰ ਆਦਿ ਬਾਜ਼ਾਰ ਵਿਚ ਵੇਚੇ ਜਾਂਦੇ ਹਨ ਜਿਸ ਨਾਲ ਮਹਿਲਾ ਬੰਦੀਆਂ ਦੀ ਹੌਸਲਾ ਅਫ਼ਜਾਈ ਵੀ ਹੁੰਦੀ ਹੈ। ਰਾਜ ਲਾਲੀ ਗਿੱਲ ਨੇ ਮਹਿਲਾ ਬੰਦੀਆਂ ਦੇ ਬੱਚਿਆਂ ਨੂੰ ਗਿਫ਼ਟ ਵੀ ਵੰਡੇ।