ਅੱਤਵਾਦੀਆਂ ਦੀ ਗੋਲੀਬਾਰੀ ‘ਚ ਦੋ ਜਵਾਨ ਜ਼ਖ਼ਮੀ
ਜੰਮੂ-ਕਸ਼ਮੀਰ ਦੇ ਡੋਡਾ ‘ਚ ਵੀਰਵਾਰ ਤੜਕੇ ਅੱਤਵਾਦੀਆਂ ਨਾਲ ਹੋਏ ਮੁਕਾਬਲੇ ‘ਚ ਦੋ ਜਵਾਨ ਜ਼ਖਮੀ ਹੋ ਗਏ। ਫੌਜ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਕਾਸਤੀਗੜ੍ਹ ਇਲਾਕੇ ਦੇ ਜੱਦਨ ਬਾਟਾ ਪਿੰਡ ‘ਚ ਹੋਇਆ ਮੁਕਾਬਲਾ
ਅਧਿਕਾਰੀਆਂ ਨੇ ਦੱਸਿਆ ਕਿ ਇਹ ਮੁਕਾਬਲਾ 2 ਵਜੇ ਦੇ ਕਰੀਬ ਕਾਸਤੀਗੜ੍ਹ ਖੇਤਰ ਦੇ ਜੱਦਨ ਬਾਟਾ ਪਿੰਡ ‘ਚ ਹੋਇਆ। ਤਲਾਸ਼ੀ ਮੁਹਿੰਮ ਦੌਰਾਨ ਅੱਤਵਾਦੀਆਂ ਨੇ ਗੋਲੀਬਾਰੀ ਕੀਤੀ ਅਤੇ ਸਰਕਾਰੀ ਸਕੂਲ ‘ਚ ਬਣਾਏ ਗਏ ਅਸਥਾਈ ਸੁਰੱਖਿਆ ਕੈਂਪ ‘ਤੇ ਹਮਲਾ ਕਰ ਦਿੱਤਾ। ਸੁਰੱਖਿਆ ਬਲਾਂ ਨੇ ਜਵਾਬੀ ਕਾਰਵਾਈ ਕੀਤੀ ਅਤੇ ਦੋਵਾਂ ਧਿਰਾਂ ਵਿਚਾਲੇ ਗੋਲੀਬਾਰੀ ਇਕ ਘੰਟੇ ਤੋਂ ਵੱਧ ਸਮੇਂ ਤੱਕ ਜਾਰੀ ਰਹੀ।
ਅੱਤਵਾਦੀਆਂ ਤੇ ਸੁਰੱਖਿਆ ਬਲਾਂ ਵਿਚਾਲੇ ਅਜੇ ਵੀ ਜਾਰੀ ਮੁਕਾਬਲਾ
ਅਧਿਕਾਰੀਆਂ ਨੇ ਦੱਸਿਆ ਕਿ ਅੱਤਵਾਦੀਆਂ ਦੀ ਗੋਲੀਬਾਰੀ ‘ਚ ਦੋ ਜਵਾਨਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਅੱਤਵਾਦੀਆਂ ਨੂੰ ਭਜਾਉਣ ਦੀਆਂ ਕੋਸ਼ਿਸ਼ਾਂ ਅਜੇ ਵੀ ਜਾਰੀ ਹਨ। ਸੋਮਵਾਰ ਅਤੇ ਮੰਗਲਵਾਰ ਦੀ ਰਾਤ ਨੂੰ ਅੱਤਵਾਦੀਆਂ ਨੇ ਗੋਲੀਬਾਰੀ ‘ਚ ਇਕ ਕੈਪਟਨ ਸਮੇਤ ਫੌਜ ਦੇ ਚਾਰ ਜਵਾਨਾਂ ਨੂੰ ਮਾਰ ਦਿੱਤਾ ਸੀ। ਇਸ ਤੋਂ ਬਾਅਦ ਪਿੰਡ ਅਤੇ ਆਲੇ-ਦੁਆਲੇ ਦੇ ਜੰਗਲੀ ਖੇਤਰਾਂ ‘ਚ ਵੱਡੇ ਪੱਧਰ ‘ਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ।
ਚਾਰ ਦਿਨਾਂ ਤੋਂ ਚੱਲ ਰਿਹਾ ਆਪਰੇਸ਼ਨ
ਵੀਰਵਾਰ ਨੂੰ ਅਪਰੇਸ਼ਨ ਚੌਥੇ ਦਿਨ ਵਿੱਚ ਦਾਖ਼ਲ ਹੋ ਗਿਆ ਅਤੇ ਮੰਗਲਵਾਰ ਅਤੇ ਬੁੱਧਵਾਰ ਦੀ ਰਾਤ ਨੂੰ ਦੇਸਾ ਦੇ ਜੰਗਲਾਂ ਵਿੱਚ ਦੋ ਥਾਵਾਂ ‘ਤੇ ਗੋਲੀਬਾਰੀ ਵੀ ਹੋਈ। ਡੋਡਾ ਵਿੱਚ 12 ਜੂਨ ਤੋਂ ਹਮਲੇ ਹੋ ਰਹੇ ਹਨ। ਜਿੱਥੇ ਛੱਤਰਗਲਾ ਦੱਰੇ ‘ਤੇ ਅੱਤਵਾਦੀ ਹਮਲੇ ‘ਚ 6 ਸੁਰੱਖਿਆ ਕਰਮਚਾਰੀ ਜ਼ਖਮੀ ਹੋ ਗਏ ਸਨ, ਉਥੇ ਹੀ ਅਗਲੇ ਦਿਨ ਗੰਡੋਹ ‘ਚ ਗੋਲੀਬਾਰੀ ਹੋਈ ਸੀ, ਜਿਸ ‘ਚ ਇਕ ਪੁਲਿਸ ਕਰਮਚਾਰੀ ਜ਼ਖਮੀ ਹੋ ਗਿਆ।
26 ਜੂਨ ਨੂੰ ਵੀ ਹੋਇਆ ਸੀ ਹਮਲਾ
26 ਜੂਨ ਨੂੰ ਜ਼ਿਲੇ ਦੇ ਗੰਡੋਹ ਇਲਾਕੇ ‘ਚ ਦਿਨ ਭਰ ਚੱਲੇ ਆਪ੍ਰੇਸ਼ਨ ‘ਚ ਤਿੰਨ ਅੱਤਵਾਦੀ ਮਾਰੇ ਗਏ ਸਨ, ਜਦਕਿ 9 ਜੁਲਾਈ ਨੂੰ ਘੜੀ ਭਗਵਾ ਦੇ ਜੰਗਲ ‘ਚ ਇਕ ਹੋਰ ਮੁਕਾਬਲਾ ਹੋਇਆ ਸੀ। ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਜੰਮੂ ਦੇ ਛੇ ਜ਼ਿਲ੍ਹਿਆਂ ਵਿੱਚ ਹੋਏ ਕਰੀਬ ਇੱਕ ਦਰਜਨ ਅੱਤਵਾਦੀ ਹਮਲਿਆਂ ਵਿੱਚ 11 ਸੁਰੱਖਿਆ ਕਰਮੀ, ਇੱਕ ਗ੍ਰਾਮੀਣ ਰੱਖਿਆ ਗਾਰਡ ਅਤੇ ਪੰਜ ਅੱਤਵਾਦੀਆਂ ਸਮੇਤ ਕੁੱਲ 27 ਲੋਕ ਮਾਰੇ ਗਏ ਹਨ। ਮਰਨ ਵਾਲਿਆਂ ਵਿੱਚ 9 ਜੂਨ ਨੂੰ ਰਿਆਸੀ ਜ਼ਿਲ੍ਹੇ ਦੇ ਸ਼ਿਵ ਖੋਰੀ ਮੰਦਰ ਤੋਂ ਪਰਤ ਰਹੇ ਸੱਤ ਸ਼ਰਧਾਲੂ ਵੀ ਸ਼ਾਮਲ ਹਨ।