ਅੰਮ੍ਰਿਤਸਰ ਤੋਂ ਨਵੀਂ ਦਿੱਲੀ ਜਾ ਰਹੀ ਦਿੱਲੀ ਪਠਾਨਕੋਟ ਐਕਸਪ੍ਰੈੱਸ ਟਰੇਨ ‘ਤੇ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਦੋਰਾਹਾ ਨੇੜੇ ਚੱਲਦੀ ਗੱਡੀ ‘ਤੇ ਪੱਥਰ ਮਾਰਨ ਨਾਲ ਇਕ ਯਾਤਰੀ ਜ਼ਖਮੀ ਹੋ ਗਿਆ।
ਅੰਮ੍ਰਿਤਸਰ ਤੋਂ ਨਵੀਂ ਦਿੱਲੀ ਜਾ ਰਹੀ ਦਿੱਲੀ ਪਠਾਨਕੋਟ ਐਕਸਪ੍ਰੈੱਸ ਟਰੇਨ ‘ਤੇ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਦੋਰਾਹਾ ਨੇੜੇ ਚੱਲਦੀ ਗੱਡੀ ‘ਤੇ ਪੱਥਰ ਮਾਰਨ ਨਾਲ ਇਕ ਯਾਤਰੀ ਜ਼ਖਮੀ ਹੋ ਗਿਆ। ਜਾਣਕਾਰੀ ਅਨੁਸਾਰ ਕਿਸੇ ਅਣਪਛਾਤੇ ਵਿਅਕਤੀ ਨੇ ਜਦੋ ਟਰੇਨ ’ਤੇ ਪੱਥਰ ਮਾਰਿਆ ਤਾਂ ਇਹ ਪੱਥਰ ਟਰੇਨ ਦੀ ਬੋਗੀ ਦੀ ਖਿੜਕੀ ਦਾ ਸ਼ੀਸ਼ਾ ਤੋੜ ਤੇ ਯਾਤਰੀ ਦੇ ਮੂੰਹ ’ਤੇ ਜਾ ਵੱਜਾ, ਜਿਸ ਨਾਲ ਯੁਵਰਾਜ ਸਿੰਘ ਵਾਸੀ ਪਿੰਡ ਰੁਪਾਲ ਥਾਣਾ ਚਾਟੀਵਿੰਡ ਜ਼ਖ਼ਮੀ ਹੋ ਗਿਆ। ਯੁਵਰਾਜ ਦਾ ਰਿਸ਼ਤੇਦਾਰ ਕੰਵਲਜੀਤ ਸਿੰਘ ਟਰੇਨ ਗਾਰਡ ਕੋਲ ਪਹੁੰਚ ਗਿਆ। ਟਰੇਨ ਗਾਰਡ ਫਸਟ ਏਡ ਕਿੱਟ ਲੈ ਕੇ ਆਇਆ ਅਤੇ ਯੁਵਰਾਜ ਨੂੰ ਫਸਟ ਏਡ ਦਿੱਤੀ ਗਈ। ਜ਼ਿਆਦਾ ਖੂਨ ਵਹਿਣ ਕਾਰਨ ਯੁਵਰਾਜ ਨੂੰ ਸਰਹਿੰਦ ਰੇਲਵੇ ਸਟੇਸ਼ਨ ‘ਤੇ ਉਤਾਰ ਕੇ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਵਿਖੇ ਦਾਖਲ ਕਰਵਾਇਆ ਗਿਆ ਜਿੱਥੋਂ ਉਸ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਕੰਵਲਜੀਤ ਸਿੰਘ ਨੇ ਦੱਸਿਆ ਕਿ ਰੇਲਗੱਡੀ ਤੇਜ਼ ਰਫਤਾਰ ਨਾਲ ਚੱਲ ਰਹੀ ਸੀ ਅਤੇ ਉਹ ਪੱਥਰਬਾਜ਼ ਨੂੰ ਦੇਖ ਨਹੀਂ ਸਕਿਆ।
ਜੀਆਰਪੀ ਚੌਕੀ ਖੰਨਾ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਕੰਵਲਜੀਤ ਸਿੰਘ ਵਾਸੀ ਰਈਆ ਖੁਰਦ ਬਿਆਸ ਨੇ ਦੱਸਿਆ ਕਿ 17 ਜੁਲਾਈ ਨੂੰ ਆਪਣੀ ਮਾਸੀ ਸੁਖਵਿੰਦਰ ਕੌਰ ਅਤੇ ਆਪਣੇ ਲੜਕੇ ਯੁਵਰਾਜ ਸਿੰਘ ਨਾਲ ਬਿਆਸ ਤੋਂ ਪਾਣੀਪਤ ਵੱਲ ਜਾ ਰਿਹਾ ਸੀ। ਜਦੋਂ ਦੁਪਹਿਰ 12-20 ਵਜੇ ਉਨ੍ਹਾਂ ਦੀ ਟਰੇਨ ਦੋਰਾਹਾ ਸਟੇਸ਼ਨ ਤੋਂ ਰਵਾਨਾ ਹੋਈ ਤਾਂ ਕਿਸੇ ਨੇ ਟਰੇਨ ‘ਤੇ ਪੱਥਰ ਸੁੱਟ ਦਿੱਤਾ ਜੋ ਸਿੱਧਾ ਯੁਵਰਾਜ ਦੇ ਮੂੰਹ ‘ਤੇ ਲੱਗਾ। ਯੁਵਰਾਜ ਦੇ ਰਿਸ਼ਤੇਦਾਰ ਕੰਵਲਜੀਤ ਸਿੰਘ ਦੇ ਬਿਆਨ ਦਰਜ ਕੀਤੇ ਗਏ। ਜੀਆਰਪੀ ਥਾਣਾ ਸਰਹਿੰਦ ਵੱਲੋਂ ਅਣਪਛਾਤੇ ਵਿਅਕਤੀਆਂ ਖਿਲਾਫ ਰੇਲਵੇ ਐਕਟ ਦੀ ਧਾਰਾ 152 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।