ਖਿਡਾਰੀ ਦੇ ਪਿਤਾ ਨੇ ਆਪਣੀਆਂ ਮੱਝਾਂ ਵੇਚ ਕੇ ਇਹ ਪੈਸੇ ਦਿੱਤੇ ਸਨ।
ਜਾਅਲੀ ਸਰਟੀਫਿਕੇਟ ਦੇ ਕੇ ਖਿਡਾਰੀਆਂ ਦੇ ਭਵਿੱਖ ਨਾਲ ਖਿਲਵਾੜ ਕਰਨ ਵਾਲੇ ਮੁਲਜ਼ਮ ਅਭਿਲਾਸ਼ ਕੁਮਾਰ ਖ਼ਿਲਾਫ਼ ਐੱਸਐੱਸਪੀ ਦਿਹਾਤੀ ਨੂੰ ਇਕ ਹੋਰ ਸ਼ਿਕਾਇਤ ਕੀਤੀ ਗਈ ਹੈ। ਸ਼ਿਕਾਇਤ ਵਿਚ ਉਸ ਦੇ ਨਾਲ ਕਿੱਕ ਬਾਕਸਿੰਗ ਕੋਚ ਬਲਦੇਵ ਰਾਜ ’ਤੇ ਵੀ ਵਿਦਿਆਰਥੀਆਂ ਨੂੰ ਫਰਜ਼ੀ ਸਰਟੀਫਿਕੇਟ ਵੰਡਣ ਦਾ ਦੋਸ਼ ਲਾਇਆ ਗਿਆ ਹੈ।
ਦੋਵਾਂ ਨੇ ਇਕ ਲੜਕੀ ਨੂੰ ਕਿੱਕ ਬਾਕਸਿੰਗ ਮੁਕਾਬਲੇ ਵਿਚ ਭਾਗ ਦਿਵਾ ਕੇ ਉਸ ਤੋਂ ਡੇਢ ਲੱਖ ਰੁਪਏ ਹੜੱਪ ਲਏ।
ਖਿਡਾਰੀ ਦੇ ਪਿਤਾ ਨੇ ਆਪਣੀਆਂ ਮੱਝਾਂ ਵੇਚ ਕੇ ਇਹ ਪੈਸੇ ਦਿੱਤੇ ਸਨ। ਹੈਰਾਨੀ ਦੀ ਗੱਲ ਇਹ ਰਹੀ ਕਿ ਲੜਕੀ ਨੂੰ ਜਾਅਲੀ ਸਰਟੀਫਿਕੇਟ ਦਿੱਤੇ ਗਏ ਸਨ। ਕਿਸਾਨ ਆਗੂ ਕਾਬਲ ਸਿੰਘ ਨਾਲ ਐਸਐਸਪੀ ਦਿਹਾਤੀ ਦਫ਼ਤਰ ਪੁੱਜੇ ਪੀੜਤ ਦੇ ਪਿਤਾ ਨੇ ਪੁਲਿਸ ਨੂੰ ਇਨਸਾਫ਼ ਦੀ ਅਪੀਲ ਕੀਤੀ।
ਫਿਲਹਾਲ ਐੱਸਐੱਸਪੀ ਦਿਹਾਤੀ ਸਤਿੰਦਰ ਸਿੰਘ ਨੇ ਪੀੜਤ ਲੜਕੀ ਨੂੰ ਇਨਸਾਫ਼ ਦਿਵਾਉਣ ਦਾ ਪੂਰਾ ਭਰੋਸਾ ਦਿੱਤਾ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਮਾਮਲੇ ਦੀ ਜਾਂਚ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਇਸ ਸਬੰਧੀ ਜਦੋਂ ਕੋਚ ਬਲਦੇਵ ਰਾਜ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਗੁਰੂ ਨਾਨਕ ਸਟੇਡੀਅਮ ਵਿਚ ਹੋਏ ਟੂਰਨਾਮੈਂਟ ਵਿਚ ਲੜਕੀ ਨੂੰ ਨਹੀਂ ਖਿਡਵਾਇਆ ਸੀ। ਉਹ ਖੁਦ ਜਾ ਕੇ ਖੇਡੀ ਹੈ। ਉਸ ‘ਤੇ ਪੈਸੇ ਲੈ ਕੇ ਖੇਡ ਮੁਕਾਬਲਿਆਂ ‘ਚ ਹਿੱਸਾ ਲੈਣ ਦੇ ਦੋਸ਼ ਬੇਬੁਨਿਆਦ ਹਨ।