ਸਾਬਕਾ ਇੰਸਪੈਕਟਰ ਦੇ ਪੁੱਤਰ ਨੇ ਦੱਸਿਆ ਕਿ ਉਨ੍ਹਾਂ ਨੇ ਪਿੰਡ ਸ਼ਿਵਪੁਰ ਕੁਕੜੀਆਂ ‘ਚ ਜ਼ਮੀਨ ਲਈ ਹੋਈ ਹੈ।
ਜ਼ਮੀਨੀ ਝਗੜੇ ਕਾਰਨ ਤਿੰਨ ਗੱਡੀਆਂ ‘ਚ ਆਏ ਹਮਲਾਵਰਾਂ ਨੇ ਪੁਲਿਸ ਵਿਭਾਗ ਦੇ ਸਾਬਕਾ ਇੰਸਪੈਕਟਰ ’ਤੇ ਗੋਲ਼ੀਆਂ ਚਲਾ ਦਿੱਤੀਆਂ। ਗੋਲ਼ੀਆਂ ਪੇਟ ਸਮੇਤ ਸਰੀਰ ਦੇ ਹੋਰ ਹਿੱਸਿਆਂ ‘ਚ ਲੱਗੀਆਂ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ।
ਇਹ ਘਟਨਾ ਦੇਰ ਸ਼ਾਮ ਮੁਕਤਸਰ ਦੇ ਪਿੰਡ ਸ਼ਿਵਪੁਰ ਕੁਕੜੀਆਂ ਦੀ ਹੈ। ਦੂਜੇ ਪਾਸੇ ਜ਼ਖ਼ਮੀ ਹਾਲਤ ‘ਚ ਸਾਬਕਾ ਇੰਸਪੈਕਟਰ ਦਰਬਾਰਾ ਸਿੰਘ ਵਾਸੀ ਬਰਕੰਦੀ (ਮੁਕਤਸਰ) ਨੂੰ ਕੋਟਕਪੂਰਾ ਰੋਡ ‘ਤੇ ਸਥਿਤ ਇਕ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।ਸੂਚਨਾ ਮਿਲਣ ’ਤੇ ਡੀਐਸਪੀ ਸਤਨਾਮ ਸਿੰਘ ਵਿਰਕ ਪੁਲਿਸ ਟੀਮ ਨਾਲ ਹਸਪਤਾਲ ਪੁੱਜੇ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।
ਸਾਬਕਾ ਇੰਸਪੈਕਟਰ ਦੇ ਪੁੱਤਰ ਨੇ ਦੱਸਿਆ ਕਿ ਉਨ੍ਹਾਂ ਨੇ ਪਿੰਡ ਸ਼ਿਵਪੁਰ ਕੁਕੜੀਆਂ ‘ਚ ਜ਼ਮੀਨ ਲਈ ਹੋਈ ਹੈ। ਇਸ ਵਾਰ ਜਦੋਂ ਉਨ੍ਹਾਂ ਨੇ ਪਿੰਡ ਦੇ ਕਿਸੇ ਵਿਅਕਤੀ ਨੂੰ ਜ਼ਮੀਨ ਠੇਕੇ ’ਤੇ ਨਾ ਦਿੱਤੀ ਤਾਂ ਉਹ ਉਨ੍ਹਾਂ ਨਾਲ ਰੰਜਿਸ਼ ਰੱਖਣ ਲੱਗਾ।
ਪਿਤਾ ਨੂੰ ਵਿਦੇਸ਼ ਬੈਠੇ ਗੈਂਗਸਟਰਾਂ ਵੱਲੋਂ ਫੋਨ ‘ਤੇ ਧਮਕੀਆਂ ਦਿੱਤੀਆਂ ਗਈਆਂ। ਉਹ ਪੰਜ ਵਾਰ ਮੁਕਤਸਰ ਪੁਲਿਸ ਨੂੰ ਸ਼ਿਕਾਇਤ ਕਰ ਚੁੱਕੇ ਹਨ ਪਰ ਅਜੇ ਤਕ ਕੋਈ ਕੇਸ ਦਰਜ ਨਹੀਂ ਕੀਤਾ ਗਿਆ। ਉਨ੍ਹਾਂ ਦਾ ਪਿਤਾ ਦਰਬਾਰਾ ਸਿੰਘ ਪੁਲਿਸ ਵਿਭਾਗ ਦਾ ਸਾਬਕਾ ਇੰਸਪੈਕਟਰ ਹੈ।
ਉਹ ਬਰੀਵਾਲਾ ਤੇ ਲੱਖੇਵਾਲੀ ਸਮੇਤ ਹੋਰਨਾਂ ਥਾਣਿਆਂ ਦੇ ਇੰਚਾਰਜ ਵਜੋਂ ਸੇਵਾਵਾਂ ਨਿਭਾ ਚੁੱਕੇ ਹਨ। ਨਸ਼ਿਆਂ ਵਿਰੁੱਧ ਵੀ ਕਈ ਮੁਹਿੰਮਾਂ ਚਲਾਉਂਦੇ ਰਹੇ ਹਨ। ਸ਼ੁੱਕਰਵਾਰ ਦੇਰ ਸ਼ਾਮ ਪਿਤਾ ਇਸੇ ਤਰ੍ਹਾਂ ਸੈਰ-ਸਪਾਟੇ ਲਈ ਪਿੰਡ ਸ਼ਿਵਪੁਰ ਕੁਕੜੀਆਂ ਸਥਿਤ ਆਪਣੀ ਜ਼ਮੀਨ ‘ਤੇ ਗਏ ਹੋਏ ਸਨ।
ਇਸ ਦੌਰਾਨ ਹਮਲਾਵਰ ਤਿੰਨ ਗੱਡੀਆਂ ‘ਚ ਆਏ ਤੇ ਇਕਦਮ ਪਿਤਾ ‘ਤੇ ਗੋਲ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਪਿਤਾ ਦੇ ਪੇਟ ਤੇ ਸਰੀਰ ਦੇ ਹੋਰ ਹਿੱਸਿਆਂ ‘ਚ ਗੋਲ਼ੀਆਂ ਲੱਗੀਆਂ ਹਨ। ਨਿੱਜੀ ਹਸਪਤਾਲ ‘ਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਸਥਿਤੀ ਅਜੇ ਵੀ ਗੰਭੀਰ ਬਣੀ ਹੋਈ ਹੈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਫਰਾਰ ਹੋ ਗਏ ਹਨ।
ਉਸ ਦੇ ਪਿਤਾ ਨੂੰ ਕੈਨੇਡਾ ਤੋਂ ਗੈਂਗਸਟਰ ਫੋਨ ਕਰ ਕੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਸਨ। ਇਹ ਸਾਰਾ ਮਾਮਲਾ ਉਸੇ ਠੇਕੇਦਾਰ ਕਾਰਨ ਵਾਪਰਿਆ ਹੈ ਜਿਸ ਨੂੰ ਅਸੀਂ ਜ਼ਮੀਨ ਠੇਕੇ ‘ਤੇ ਨਹੀਂ ਦਿੱਤੀ। ਉਸ ਨੇ ਦੋਸ਼ ਲਾਇਆ ਕਿ ਅੱਜ ਉਸ ਦੇ ਪਿਤਾ ਨਾਲ ਇਹ ਘਟਨਾ ਵਾਪਰੀ ਕਿਉਂਕਿ ਪੁਲਿਸ ਨੂੰ ਪੰਜ ਵਾਰ ਸ਼ਿਕਾਇਤ ਕਰਨ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋਈ। ਜੇਕਰ ਪੁਲਿਸ ਨੇ ਪਹਿਲਾਂ ਕਾਰਵਾਈ ਕੀਤੀ ਹੁੰਦੀ ਤਾਂ ਅੱਜ ਅਜਿਹਾ ਨਾ ਹੁੰਦਾ।
ਡੀਐਸਪੀ ਸਤਨਾਮ ਸਿੰਘ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮੁਲਜ਼ਮਾਂ ਦੀ ਭਾਲ ਲਈ ਨਾਕਾਬੰਦੀ ਤੇਜ਼ ਕਰ ਦਿੱਤੀ ਗਈ ਹੈ।