ਮਾਨ ਨੇ ਕਿਹਾ ਕਿ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਸੰਸਦ ਭਵਨ ਵਿੱਚ ਪੰਜਾਬੀ ਭਾਸ਼ਾ ਵਿੱਚ ਪੰਜਾਬ ਦੇ ਮੁੱਦੇ ਜ਼ੋਰਦਾਰ ਢੰਗ ਨਾਲ ਉਠਾ ਰਹੇ ਹਨ
ਸ਼ਹੀਦ ਊਧਮ ਸਿੰਘ ਦੇ 85ਵੇਂ ਸ਼ਹੀਦੀ ਦਿਹਾੜੇ ਮੌਕੇ ਸੁਨਾਮ ’ਚ ਰਾਜ ਪੱਧਰੀ ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਰਾਵੀ ਦਰਿਆ ਦੇ ਪਾਣੀ ਨੂੰ ਰੋਕ ਕੇ ਧਾਰ ਕਲਾਂ (ਪਠਾਨਕੋਟ) ਵਿੱਚ 206 ਮੈਗਾਵਾਟ ਸਮਰੱਥਾ ਦਾ ਨਵਾਂ ਡੈਮ ਬਣਾਇਆ ਜਾ ਰਿਹਾ ਹੈ। ਅਕਤੂਬਰ ਮਹੀਨੇ ਵਿੱਚ ਇਸ ਦਾ ਉਦਘਾਟਨ ਕੀਤਾ ਜਾਵੇਗਾ। ਇਹ ਪ੍ਰਾਜੈਕਟ ਪੰਜਾਬ ਨੂੰ ਬਿਜਲੀ ਖੇਤਰ ਵਿੱਚ ਪਹਿਲਾਂ ਨਾਲੋਂ ਵੀ ਜ਼ਿਆਦਾ ਮਜ਼ਬੂਤ ਕਰੇਗਾ।
ਉਨ੍ਹਾਂ ਕਿਹਾ ਕਿ ਪਿੰਡਾਂ ਵਿਚਲੇ ਤਿੰਨ ਹਜ਼ਾਰ ਬੰਦ ਪਏ ਬੱਸਾਂ ਦੇ ਰੂਟ ਬਹਾਲ ਕੀਤੇ ਜਾਣਗੇ। ਇਸ ਨਾਲ ਕਰੀਬ 10 ਹਜ਼ਾਰ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ। ਸਰਕਾਰ ਨੌਜਵਾਨਾਂ ਨੂੰ ਬੱਸਾਂ ਮੁਹੱਈਆ ਕਰਵਾਏਗੀ ਅਤੇ ਆਮਦਨ ਤੋਂ ਬਾਅਦ ਨੌਜਵਾਨ ਕਰਜ਼ਾ ਮੋੜ ਸਕਣਗੇ।
ਨੌਜਵਾਨਾਂ ਨੂੰ ਵਿਦੇਸ਼ਾਂ ਵਿੱਚ ਨਹੀਂ ਜਾਣਾ ਚਾਹੀਦਾ ਕਿਉਂਕਿ ਅੰਗਰੇਜ਼ਾਂ ਨੂੰ ਦੇਸ਼ ਵਿੱਚੋਂ ਕੱਢਣ ਲਈ ਸ਼ਹੀਦਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨੌਕਰੀਆਂ ਅਤੇ ਸਵੈ-ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਤੋਂ ਬਾਅਦ ਵਿਦੇਸ਼ ਗਏ ਨੌਜਵਾਨ ਮੁੜ ਆਪਣੇ ਮੁਲਕਾਂ ਨੂੰ ਆ ਰਹੇ ਹਨ।
ਅੱਠ ਅਕਾਲੀ ਆਗੂਆਂ ਨੂੰ ਅਕਾਲੀ ਦਲ ‘ਚੋਂ ਕੱਢਣ ਦੇ ਫ਼ੈਸਲੇ ‘ਤੇ ਚੁਟਕੀ ਲੈਂਦਿਆਂ ਮਾਨ ਨੇ ਕਿਹਾ ਕਿ ਹੁਣ ਅਕਾਲੀ ਦਲ ‘ਚ ਬਚਿਆ ਹੀ ਕੌਣ ਹੈ। ਸਾਰੇ ਨੇਤਾਵਾਂ ਨੂੰ ਪਾਰਟੀ ’ਚੋਂ ਕੱਢ ਦਿੱਤਾ ਗਿਆ ਹੈ, ਰੱਬ ਨੇ ਸੁਖਬੀਰ ਬਾਦਲ ਦੀ ਮੱਤ ਹੀ ਮਾਰ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਦੇ ਫਲਸਫੇ ‘ਤੇ ਚੱਲਦਿਆਂ ਪੰਜਾਬ ਦੇ ਪਾਣੀ, ਹਵਾ ਅਤੇ ਧਰਤੀ ਨੂੰ ਬਚਾਉਣ ਲਈ ਸਰਕਾਰ ਵਚਨਬੱਧ ਹੈ। ਇਸ ਦੇ ਲਈ ਬਜਟ ‘ਚ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ ਅਤੇ ਪਾਣੀ ਦੇ ਮੁੱਦੇ ‘ਤੇ ਜਲਦ ਹੀ ਵੱਡੀ ਖੁਸ਼ਖਬਰੀ ਦਾ ਐਲਾਨ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਪੰਜਾਬੀ ਭਾਸ਼ਾ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਵਿੱਚ ਸ਼ਾਮਲ ਕੀਤਾ ਜਾਵੇਗਾ। ਪੰਜਾਬੀ ਭਾਸ਼ਾ ਨੂੰ ਪ੍ਰਫੁਲਿਤ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
ਮਾਨ ਨੇ ਕਿਹਾ ਕਿ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਸੰਸਦ ਭਵਨ ਵਿੱਚ ਪੰਜਾਬੀ ਭਾਸ਼ਾ ਵਿੱਚ ਪੰਜਾਬ ਦੇ ਮੁੱਦੇ ਜ਼ੋਰਦਾਰ ਢੰਗ ਨਾਲ ਉਠਾ ਰਹੇ ਹਨ ਜਦੋਂਕਿ ਕਾਂਗਰਸੀ ਸੰਸਦ ਮੈਂਬਰ ਰਾਜਾ ਵੜਿੰਗ ਤੇ ਹੋਰ ਟੁੱਟੀ-ਭੱਜੀ ਹਿੰਦੀ ਬੋਲ ਕੇ ਮਜ਼ਾਕ ਦਾ ਪਾਤਰ ਬਣ ਰਹੇ ਹਨ। ਪੈਰਿਸ ਓਲੰਪਿਕ ਵਿੱਚ ਗਏ ਪੰਜਾਬ ਦੇ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਨਾਮੀ ਰਾਸ਼ੀ ਉਨ੍ਹਾਂ ਦਾ ਇੰਤਜ਼ਾਰ ਕਰ ਰਹੀ ਹੈ।
ਉਨ੍ਹਾਂ ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਜਲ੍ਹਿਆਂਵਾਲਾ ਬਾਗ ਸਾਕੇ ਦੇ ਬਦਲੇ ਦੀ ਲਾਟ ਨੂੰ 22 ਸਾਲਾਂ ਤੱਕ ਆਪਣੇ ਦਿਲਾਂ ਵਿੱਚ ਜ਼ਿੰਦਾ ਰੱਖਣਾ ਆਪਣੇ ਆਪ ਵਿੱਚ ਵਿਲੱਖਣ ਹੈ। ਸ਼ਹੀਦ ਹੀ ਦੇਸ਼ ਦੇ ਅਸਲੀ ਹੀਰੋ ਹਨ।
ਉਨ੍ਹਾਂ ਨੂੰ ਯਾਦ ਕਰਨਾ ਸਾਰੇ ਦੇਸ਼ ਵਾਸੀਆਂ ਦਾ ਫਰਜ਼ ਹੈ। ਸ਼ਹੀਦਾਂ ਦਾ ਕੋਈ ਧਰਮ ਜਾਂ ਜਾਤ ਨਹੀਂ ਹੁੰਦਾ, ਉਹ ਸਾਰੇ ਦੇਸ਼ ਦੇ ਹੁੰਦੇ ਹਨ। ਉਨ੍ਹਾਂ ਕਿਹਾ ਕਿ ਮੇਰੇ ਵੱਲੋਂ ਕੀਤੇ ਯਤਨਾਂ ਤੋਂ ਬਾਅਦ ਦਸੰਬਰ 2018 ਵਿੱਚ ਸੰਸਦ ਅੰਦਰ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਦੇਣੀ ਸ਼ੁਰੂ ਕੀਤੀ ਗਈ ਹੈ।
ਪੰਜਾਬੀਆਂ ਨੂੰ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣ ਦੀ ਅਪੀਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੁਨਾਮ ਉਨ੍ਹਾਂ ਦੇ ਕਰੀਅਰ ਤੋਂ ਇਲਾਵਾ ਉਨ੍ਹਾਂ ਦੀ ਜਨਮ ਭੂਮੀ ਹੈ। ਸੁਨਾਮ ਨੇ ਉਸ ਨੂੰ ਸਿਆਸਤ ਵਿੱਚ ਵੱਡਾ ਮੁਕਾਮ ਦਿਵਾਇਆ ਹੈ।
ਉਨ੍ਹਾਂ ਸੁਨਾਮ ਵਿੱਚ ਸਿੰਥੈਟਿਕ ਟਰੈਕ ਨਾਲ ਲੈਸ ਸਟੇਡੀਅਮ ਅਤੇ ਨਵਾਂ ਬੱਸ ਸਟੈਂਡ ਬਣਾਉਣ ਦਾ ਐਲਾਨ ਕੀਤਾ। ਮੁੱਖ ਮੰਤਰੀ ਨੇ ਸ਼ਹੀਦ ਦੇ ਪਰਿਵਾਰਕ ਮੈਂਬਰਾਂ ਨੂੰ ਸਨਮਾਨਿਤ ਕੀਤਾ। ਸਮਾਗਮ ਨੂੰ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸੰਬੋਧਨ ਕੀਤਾ।