ਇਸ ਮੀਨਾਕਾਰੀ ਅਤੇ ਨੱਕਾਸ਼ੀ ’ਚ ਸ਼ੁੱਧ ਸੋਨਾ ਵਰਤਣ ਦੇ ਨਾਲ-ਨਾਲ ਹਰਾ, ਨੀਲਾ, ਲਾਲ, ਜਾਮਣੀ, ਬਸੰਤੀ ਅਤੇ ਕੇਸਰੀ ਰੰਗ ਵਰਤਿਆ ਗਿਆ ਹੈ ਜੋ ਕਿ ਸਧਾਰਨ ਕੈਮੀਕਲ ਰੰਗ ਨਾ ਹੋ ਕੇ ਦੁਰਲੱਭ ਕੀਮਤੀ ਪੱਥਰਾਂ ਨੂੰ ਮਹੀਨ ਪੀਸ ਕੇ ਹੱਥਾਂ ਨਾਲ ਰਗੜ ਕੇ ਤਿਆਰ ਕੀਤਾ ਜਾਂਦਾ ਹੈ।
ਸ੍ਰੀ ਗੁਰੂ ਅਮਰਦਾਸ ਜੀ ਦੀ ਵੱਲੋਂ ਹੱਥੀਂ ਸੇਵਾ ਨਾਲ ਬਣਵਾਈ 84 ਪਉੜੀਆਂ ਵਾਲੀ ਬਾਉਲੀ ਸਾਹਿਬ ਦੇ ਪ੍ਰਵੇਸ਼ ਦੁਆਰ ਦਾ ਅੰਦਰੂਨੀ ਗੁੰਬਦ ਸੋਨੇ ਦੀ ਚਮਕ ਤੇ ਵਿਸ਼ੇਸ਼ ਰੰਗਾਂ ਨਾਲ ਹੋਈ ਮੀਨਾਕਾਰੀ ਨਾਲ ਸਜਿਆ ਸ਼ਰਧਾਲੂਆਂ ਦਾ ਮਨ ਮੋਹ ਰਿਹਾ ਹੈ।
ਬਾਉਲੀ ਸਾਹਿਬ ਵਿਖੇ ਦਰਸ਼ਨ, ਇਸ਼ਨਾਨ ਕਰਨ ਵਾਲੇ ਯਾਤਰੂਆਂ ਦੀ ਖਿੱਚ ਦਾ ਕੇਂਦਰ ਬਣੇ ਅੰਦਰੂਨੀ ਗੁੰਬਦ ’ਤੇ ਪਿਛਲੇ ਸਮੇਂ ’ਚ ਮੀਨਾਕਾਰੀ ਤੇ ਨੱਕਾਸ਼ੀ ਦੀ ਸੇਵਾ ਆਰੰਭ ਹੋਈ ਸੀ ਜਿਸ ਵਿਚ ਖਰੇ ਸੋਨੇ ਦੇ ਨਾਲ-ਨਾਲ ਵਿਸ਼ੇਸ਼ ਰੰਗਾਂ ਦੀ ਵਰਤੋਂ ਕੀਤੀ ਗਈ ਹੈ ਜਿਸਦੀ ਚਮਕ ਚਿਰਾਂ ਤੱਕ ਕਾਇਮ ਰਹੇਗੀ।
ਮੀਨਾਕਾਰੀ ਤੇ ਨੱਕਾਸ਼ੀ ਦੀ ਸੇਵਾ ਬਾਰੇ ਬਾਬਾ ਸੁਖਵਿੰਦਰ ਸਿੰਘ ਭੂਰੀਵਾਲਿਆਂ ਨੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਾਬਾ ਕਸ਼ਮੀਰ ਸਿੰਘ ਸੰਪਰਦਾਇ ਭੂਰੀ ਵਾਲਿਆਂ ਨੂੰ ਸੌਂਪੀ ਗਈ ਸੀ ਜਿਸ ਤਹਿਤ ਸੋਨੇ ਦੇ ਵਰਕਾਂ ਅਤੇ ਵਿਸ਼ੇਸ਼ ਰੰਗਾਂ ਨਾਲ ਕੀਤੀ ਜਾ ਰਹੀ ਮੀਨਾਕਾਰੀ ਦੀ ਸੇਵਾ ਦੇਸ਼-ਵਿਦੇਸ਼ ਦੀ ਸੰਗਤ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਗੁੰਬਦ ਦੇ ਅੰਦਰੂਨੀ ਭਾਗ ’ਤੇ ਕੀਤੀ ਕਲਾਕਾਰੀ ਅਤੇ ਨੱਕਾਸ਼ੀ ਸਿੱਖ ਕਾਲ ਦੀ ਨੱਕਾਸ਼ੀ ਨਾਲ ਮਿਲਦੀ-ਜੁਲਦੀ ਹੋਵੇ, ਇਸ ਦਾ ਵਿਸ਼ੇਸ਼ ਧਿਆਨ ਰੱਖਿਆ ਗਿਆ ਹੈ ਤੇ ਇਸ ਨੱਕਾਸ਼ੀ ਵਿਚ ਜ਼ਿਆਦਾਤਰ ਰੰਗ-ਬਿਰੰਗੇ ਫੁੱਲ-ਬੂਟੇ ਤੇ ਸ਼ੁੱਧ ਸੋਨੇ ਦੇ ਵਰਕਾਂ ਨਾਲ 8 ਕਾਰੀਗਰਾਂ ਵੱਲੋਂ ਲਗਾਤਾਰ ਚਾਰ ਮਹੀਨੇ ਹੱਥੀਂ ਕੰਮ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸ਼ਤਾਬਦੀ ਸਮਾਗਮਾਂ ਤੋਂ ਬਾਅਦ ਦੁਬਾਰਾ ਸੇਵਾ ਸ਼ੁਰੂ ਕਰਵਾਈ ਜਾਵੇਗੀ ਤੇ ਬਾਉਲੀ ਸਾਹਿਬ ਦੇ ਅੰਦਰ ਹੋਰ ਗੁੰਬਦ ਤੇ ਅੰਦਰੂਨੀ ਭਾਗ ਵਿਚ ਵੀ ਅਜਿਹੀ ਮੀਨਾਕਾਰੀ ਕਰਵਾਈ ਹੋਵੇਗੀ।
ਬਾਬਾ ਸੁਖਵਿੰਦਰ ਸਿੰਘ ਭੂਰੀਵਾਲਿਆਂ ਨੇ ਦੱਸਿਆ ਕਿ ਇਸ ਮੀਨਾਕਾਰੀ ਅਤੇ ਨੱਕਾਸ਼ੀ ’ਚ ਸ਼ੁੱਧ ਸੋਨਾ ਵਰਤਣ ਦੇ ਨਾਲ-ਨਾਲ ਹਰਾ, ਨੀਲਾ, ਲਾਲ, ਜਾਮਣੀ, ਬਸੰਤੀ ਅਤੇ ਕੇਸਰੀ ਰੰਗ ਵਰਤਿਆ ਗਿਆ ਹੈ ਜੋ ਕਿ ਸਧਾਰਨ ਕੈਮੀਕਲ ਰੰਗ ਨਾ ਹੋ ਕੇ ਦੁਰਲੱਭ ਕੀਮਤੀ ਪੱਥਰਾਂ ਨੂੰ ਮਹੀਨ ਪੀਸ ਕੇ ਹੱਥਾਂ ਨਾਲ ਰਗੜ ਕੇ ਤਿਆਰ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਸੇਵਾ ਵਿਚ ਹੁਣ ਤੱਕ ਇਕ ਕਿੱਲੋ ਦੇ ਕਰੀਬ ਸ਼ੁੱਧ ਸੋਨੇ ਦੇ ਵਰਕਾਂ ਦੀ ਵਰਤੋਂ ਕੀਤੀ ਜਾ ਚੁੱਕੀ ਹੈ।
ਉਨ੍ਹਾਂ ਦੱਸਿਆ ਕਿ ਕਾਰੀਗਰਾਂ ਨੇ ਅਜਿਹੀ ਮੀਨਾਕਾਰੀ ਕੀਤੀ ਹੈ, ਜਿਸ ਦੀ ਚਮਕ ਡੇਢ ਸ਼ਤਾਬਦੀ ਤੱਕ ਕਾਇਮ ਰਹੇਗੀ। ਉਨ੍ਹਾਂ ਇਹ ਵੀ ਕਿਹਾ ਕਿ ਸ੍ਰੀ ਬਾਉਲੀ ਸਾਹਿਬ ਵਿਖੇ ਦਰਸ਼ਨ-ਇਸ਼ਨਾਨ ਲਈ ਆਏ ਹਰ ਸ਼ਰਧਾਲੂ ਦੇ ਮਨ ਉੱਪਰ ਜਿੱਥੇ ਇੱਥੋਂ ਦੇ ਅਧਿਆਤਮਕ ਵਾਤਾਵਰਨ ਤੇ ਇਲਾਹੀ ਕੀਰਤਨ ਦਾ ਪ੍ਰਭਾਵ ਪੈਂਦਾ ਹੈ, ਉਥੇ ਹੀ ਤਾਜ਼ਾ ਕੀਤੀ ਸੁਨਹਿਰੀ ਮੀਨਾਕਾਰੀ ਦੀ ਸੁੰਦਰਤਾ ਵੀ ਸੰਗਤਾਂ ਦੇ ਧਿਆਨ ਨੂੰ ਆਪਣੇ ਵੱਲ ਬਦੋਬਦੀ ਖਿੱਚਦੀ ਹੈ।
ਗੋਇੰਦਵਾਲ ਸਾਹਿਬ ’ਚ ਹੋਇਆ ਸੀ ‘ਪਹਿਲੇ ਪੰਗਤ ਪਾਛੈ ਸੰਗਤ’ ਦਾ ਸਿਧਾਂਤ ਲਾਗੂ
ਸ੍ਰੀ ਗੁਰੂ ਅਮਰਦਾਸ ਜੀ ਦੀ ਵੱਲੋਂ ਵਸਾਏ ਨਗਰ ਗੋਇੰਦਵਾਲ ਸਾਹਿਬ ਵਿਖੇ ਗੁਰੂ ਸਾਹਿਬ ਵੱਲੋਂ ਤਿਆਰ ਕਰਵਾਈ ਪਵਿੱਤਰ ਬਾਉਲੀ ਸਾਹਿਬ ਸਿੱਖ ਕੌਮ ਦਾ ਪਹਿਲਾ ਧਾਰਮਿਕ ਅਸਥਾਨ ਹੈ ਜਿੱਥੇ ਗੁਰੂ ਸਾਹਿਬ ਨੇ ‘ਪਹਿਲੇ ਪੰਗਤ ਪਾਛੈ ਸੰਗਤ’ ਦੇ ਸਿਧਾਂਤ ਨੂੰ ਲਾਗੂ ਕਰਕੇ ਸਮੁੱਚੀ ਮਾਨਵਤਾ ਨੂੰ ਇਕ ਸੂਤਰ ’ਚ ਪਰੋਣ ਦਾ ਕਾਰਜ ਕੀਤਾ।
ਸਾਢੇ ਚਾਰ ਸਦੀਆਂ ਤੋਂ ਵੱਧ ਸਮੇਂ ਤੋਂ ਇਹ ਪਵਿੱਤਰ ਅਸਥਾਨ ਸਿੱਖੀ ਸ਼ਰਧਾ, ਸੇਵਾ ਸਿਮਰਨ ਦਾ ਮੁੱਖ ਸਰੋਤ ਰਿਹਾ ਹੈ। ਸਮੁੱਚਾ ਸਿੱਖ ਇਤਿਹਾਸ ਕਿਸੇ ਨਾ ਕਿਸੇ ਰੂਪ ਵਿਚ ਇਸ ਕੇਂਦਰੀ ਧਾਰਮਿਕ ਅਸਥਾਨ ਨਾਲ ਜੁੜਿਆ ਰਿਹਾ ਹੈ।
ਸਿੱਖ ਸੰਗਤ ਦੀ ਪ੍ਰਬਲ ਇੱਛਾ ਮੁਤਾਬਕ ਸ੍ਰੀ ਬਾਉਲੀ ਸਾਹਿਬ ਦੇ ਅੰਦਰ ਸੁਨਹਿਰੀ ਮੀਨਾਕਾਰੀ ਦਾ ਕਾਰਜ ਕੀਤਾ ਕਰਵਾਇਆ ਗਿਆ ਹੈ, ਜਿਸ ਨੂੰ ਵੇਖ ਸ਼ਰਧਾਲੂਆਂ ਦੇ ਹਿਰਦਿਆਂ ਨੂੰ ਸਕੂਨ ਮਿਲੇਗਾ।