ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਖੇਡੇ ਜਾ ਰਹੇ ਦੂਜੇ ਟੈਸਟ ਮੈਚ ਤੋਂ ਇਕ ਹੈਰਾਨੀਜਨਕ ਘਟਨਾ ਸਾਹਮਣੇ ਆਈ ਹੈ।
ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਖੇਡੇ ਜਾ ਰਹੇ ਦੂਜੇ ਟੈਸਟ ਮੈਚ ਤੋਂ ਇਕ ਹੈਰਾਨੀਜਨਕ ਘਟਨਾ ਸਾਹਮਣੇ ਆਈ ਹੈ। ਕਾਨਪੁਰ ਦੇ ਗ੍ਰੀਨ ਪਾਰਕ ਸਟੇਡੀਅਮ ‘ਚ ਬੰਗਲਾਦੇਸ਼ ਦੇ ਇਕ ਪ੍ਰਸ਼ੰਸਕ ਦੀ ਕੁੱਟਮਾਰ ਕੀਤੀ ਗਈ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਣਾ ਪਿਆ। ‘ਰੌਬੀ ਟਾਈਗਰ’ ਦੇ ਨਾਂ ਨਾਲ ਮਸ਼ਹੂਰ ਇਹ ਸ਼ਖਸ ਬੰਗਲਾਦੇਸ਼ ਕ੍ਰਿਕਟ ਟੀਮ ਦਾ ਸੁਪਰ ਫੈਨ ਹੈ। ਉਹ ਆਪਣੀ ਟੀਮ ਦਾ ਸਮਰਥਨ ਕਰਨ ਲਈ ਹਰ ਮੈਦਾਨ ‘ਤੇ ਪਹੁੰਚਦਾ ਹੈ।
ਰਿਪੋਰਟ ਮੁਤਾਬਕ ਕਾਨਪੁਰ ‘ਚ ਵੀ ਉਹ ਬੰਗਲਾਦੇਸ਼ੀ ਟੀਮ ਦਾ ਝੰਡਾ ਲਹਿਰਾਉਂਦੇ ਹੋਏ ਆਪਣੀ ਟੀਮ ਦੇ ਸਮਰਥਨ ‘ਚ ਨਾਅਰੇ ਲਗਾ ਰਿਹਾ ਸੀ। ਉਦੋਂ ਉਸ ਦੀ ਕੁਝ ਸਥਾਨਕ ਪ੍ਰਸ਼ੰਸਕਾਂ ਨਾਲ ਝੜਪ ਹੋ ਗਈ। ਇਸ ਦੌਰਾਨ ਉਸ ‘ਤੇ ਹਮਲਾ ਕੀਤਾ ਗਿਆ, ਜਿਸ ਤੋਂ ਬਾਅਦ ਉਹ ਬੇਹੋਸ਼ ਹੋ ਗਿਆ। ਸੁਰੱਖਿਆ ਕਰਮੀਆਂ ਨੇ ਤੁਰੰਤ ਮਾਮਲੇ ਦਾ ਨੋਟਿਸ ਲਿਆ ਅਤੇ ਉਸ ਨੂੰ ਹਸਪਤਾਲ ਪਹੁੰਚਾਇਆ।
ਬੰਗਲਾਦੇਸ਼ੀ ਫੈਨ ਦੀ ਕੁੱਟਮਾਰ ਦੌਰਾਨ ਸਿਰਾਜ ਦਾ ਨਾਂ ਕਿੱਥੋਂ ਆ ਗਿਆ?
ਬੰਗਲਾਦੇਸ਼ ਦੇ ਪ੍ਰਸ਼ੰਸਕ ਦੀ ਕੁੱਟਮਾਰ ਕੀਤੀ ਗਈ ਪਰ ਸਵਾਲ ਇਹ ਹੈ ਕਿ ਅਜਿਹਾ ਕਿਉਂ ਹੋਇਆ? ਟਾਈਗਰ ਰੌਬੀ ਨੂੰ ਕਿਉਂ ਕੁੱਟਿਆ ਗਿਆ? ਸੋਸ਼ਲ ਮੀਡੀਆ ‘ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਟਾਈਗਰ ਰੌਬੀ ਨੇ ਮੈਚ ਦੌਰਾਨ ਅਜਿਹੀ ਹਰਕਤ ਕੀਤੀ ਸੀ, ਜਿਸ ਨਾਲ ਕਾਨਪੁਰ ਦੇ ਲੋਕ ਗੁੱਸੇ ‘ਚ ਆ ਗਏ ਸਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਬੰਗਲਾਦੇਸ਼ ਦਾ ਇਹ ਫੈਨ ਮੁਹੰਮਦ ਸਿਰਾਜ ਨੂੰ ਗਾਲ੍ਹਾਂ ਕੱਢ ਰਿਹਾ ਸੀ ਅਤੇ ਇਸ ਕਾਰਨ ਲੋਕ ਗੁੱਸੇ ‘ਚ ਆ ਗਏ। ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਬੰਗਲਾਦੇਸ਼ ਦਾ ਇਹ ਪ੍ਰਸ਼ੰਸਕ ਚੇਨਈ ਵਿੱਚ ਵੀ ਟੀਮ ਇੰਡੀਆ ਖ਼ਿਲਾਫ਼ ਨਾਅਰੇਬਾਜ਼ੀ ਕਰ ਰਿਹਾ ਸੀ।
ਬੰਗਲਾਦੇਸ਼ੀ ਟੀਮ ਦਾ ਹੋ ਰਿਹਾ ਸੀ ਵਿਰੋਧ
ਹਾਲਾਂਕਿ ਕਾਨਪੁਰ ਵਿੱਚ ਬੰਗਲਾਦੇਸ਼ੀ ਟੀਮ ਦਾ ਸਖ਼ਤ ਵਿਰੋਧ ਹੋ ਰਿਹਾ ਸੀ। ਬੰਗਲਾਦੇਸ਼ ਦੀ ਟੀਮ ਜਦੋਂ ਕਾਨਪੁਰ ਪਹੁੰਚੀ ਤਾਂ ਕਈ ਸੰਗਠਨਾਂ ਨੇ ਸੜਕ ‘ਤੇ ਨਾਅਰੇਬਾਜ਼ੀ ਕੀਤੀ ਸੀ। ਹਾਲ ਹੀ ਵਿੱਚ ਬੰਗਲਾਦੇਸ਼ ਵਿੱਚ ਤਖ਼ਤਾ ਪਲਟ ਤੋਂ ਬਾਅਦ ਹਿੰਸਾ ਹੋਈ ਸੀ ਜਿਸ ਵਿੱਚ ਉਥੋਂ ਦੇ ਕਈ ਹਿੰਦੂ ਪਰਿਵਾਰਾਂ ਨੂੰ ਜਾਨ-ਮਾਲ ਦਾ ਨੁਕਸਾਨ ਹੋਇਆ ਸੀ। ਹੁਣ ਬੰਗਲਾਦੇਸ਼ੀ ਪ੍ਰਸ਼ੰਸਕ ਦੀ ਕੁੱਟਮਾਰ ਨੂੰ ਇਸੇ ਘਟਨਾ ਨੂੰ ਜੋੜਿਆ ਜਾ ਰਿਹਾ ਹੈ, ਹਾਲਾਂਕਿ ਇਹ ਕਿਤੇ ਵੀ ਸਾਬਤ ਨਹੀਂ ਹੋਇਆ ਹੈ।
ਪੁਲਿਸ ਨੇ ਹਮਲੇ ਤੋਂ ਕੀਤਾ ਇਨਕਾਰ
ਲੰਚ ਬ੍ਰੇਕ ਦੌਰਾਨ ਬੰਗਲਾਦੇਸ਼ੀ ਫੈਂਸ ਅਤੇ ਭਾਰਤੀ ਪ੍ਰਸ਼ੰਸਕਾਂ ਵਿਚਾਲੇ ਝੜਪ ਦੀ ਘਟਨਾ ਵਾਪਰੀ। ਬੰਗਲਾਦੇਸ਼ ਦਾ ਇਹ ਪ੍ਰਸ਼ੰਸਕ ਗ੍ਰੀਨ ਪਾਰਕ ਸਟੇਡੀਅਮ ਦੀ ਬਾਲਕੋਨੀ ਸੀ ਵਿੱਚ ਬੈਠਾ ਸੀ ਅਤੇ ਆਪਣੀ ਟੀਮ ਦੇ ਸਮਰਥਨ ਵਿੱਚ ਨਾਅਰੇ ਵੀ ਲਗਾ ਰਿਹਾ ਸੀ। ਉਦੋਂ ਹੇਠਲੀਆਂ ਸੀਟਾਂ ‘ਤੇ ਬੈਠੇ ਕੁਝ ਸਥਾਨਕ ਪ੍ਰਸ਼ੰਸਕਾਂ ਨਾਲ ਉਸ ਦੀ ਤਕਰਾਰ ਸ਼ੁਰੂ ਹੋ ਗਈ। ਇਸ ਤੋਂ ਬਾਅਦ ਉਨ੍ਹਾਂ ਨੇ ਉਸ ਦੀ ਕੁੱਟਮਾਰ ਕੀਤੀ। ਹਸਪਤਾਲ ਲਿਜਾਂਦੇ ਸਮੇਂ ਬੰਗਲਾਦੇਸ਼ੀ ਪ੍ਰਸ਼ੰਸਕ ਨੇ ਮੀਡੀਆ ਨੂੰ ਦੱਸਿਆ ਕਿ ਉਸ ਦੀ ਕਮਰ ਅਤੇ ਪੇਟ ‘ਤੇ ਹਮਲਾ ਹੋਇਆ ਹੈ।
ਮੌਕੇ ‘ਤੇ ਮੌਜੂਦ ਪੁਲਿਸ ਨੇ ਬੰਗਲਾਦੇਸ਼ੀ ਪ੍ਰਸ਼ੰਸਕ ਦੀ ਕੁੱਟਮਾਰ ਤੋਂ ਇਨਕਾਰ ਕੀਤਾ ਹੈ। ਇਕ ਅਧਿਕਾਰੀ ਨੇ ਖੁਲਾਸਾ ਕੀਤਾ ਕਿ ਜਦੋਂ ਉਹ ਪਹੁੰਚੇ ਤਾਂ ਉਨ੍ਹਾਂ ਨੂੰ ਸਾਹ ਲੈਣ ਵਿਚ ਤਕਲੀਫ ਹੋ ਰਹੀ ਸੀ ਅਤੇ ਉਹ ਠੀਕ ਤਰ੍ਹਾਂ ਬੋਲ ਵੀ ਨਹੀਂ ਪਾ ਰਿਹਾ ਸੀ। ਉਨ੍ਹਾਂ ਦਾ ਮੰਨਣਾ ਹੈ ਕਿ ਅੱਤ ਦੀ ਗਰਮੀ ਕਾਰਨ ਉਹ ਡੀਹਾਈਡ੍ਰੇਸ਼ਨ ਦਾ ਸ਼ਿਕਾਰ ਹੋ ਗਿਆ। ਹਾਲਾਂਕਿ ਉਨ੍ਹਾਂ ਕਿਹਾ ਹੈ ਕਿ ਉਹ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਹੀ ਮਾਮਲੇ ਬਾਰੇ ਸਪੱਸ਼ਟ ਜਾਣਕਾਰੀ ਦੇਣਗੇ।
ਆਰੋਪ ਦੀ ਪੁਸ਼ਟੀ ਲਈ ਸੀਸੀਟੀਵੀ ਦੀ ਜਾਂਚ
ਗ੍ਰੀਨ ਪਾਰਕ ਸਟੇਡੀਅਮ ਅਥਾਰਟੀ ਨੇ ਕਿਹਾ ਹੈ ਕਿ ਬੰਗਲਾਦੇਸ਼ੀ ਪ੍ਰਸ਼ੰਸਕ ਦੁਆਰਾ ਲਗਾਏ ਗਏ ਹਮਲੇ ਦੇ ਦੋਸ਼ ਦੀ ਪੁਸ਼ਟੀ ਕਰਨ ਲਈ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾਵੇਗੀ। ਨਾਲ ਹੀ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ।