ਮਸਨੂਈ ਬੁੱਧੀ ਨਾਲ ਕਾਰਜਸ਼ੀਲ ਇਹ ਮਸ਼ੀਨ ਤਕਨਾਲੋਜੀ ਦੀ ਇੱਕ ਉਤਮ ਉਦਾਹਰਣ ਹੈ।
ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਨੇ ਡੇਅਰੀ ਖੇਤਰ ਵਿੱਚ ਹੱਥੀਂ ਦੁੱਧ ਚੁਆਈ ਕਰਨ ਵਾਲੇ ਡੇਅਰੀ ਕਿਸਾਨਾਂ ਲਈ ਡੇਅਰੀ ਫਾਰਮ ਦੀਆਂ ਸਥਿਤੀਆਂ ਮੁਤਾਬਿਕ ਦੁੱਧ ਉਤਪਾਦਨ ਦਾ ਪ੍ਰਮਾਣਕ ਰਿਕਾਰਡ ਦਰਜ ਕਰਨ ਅਤੇ ਇਸ ਨੂੰ ਸਵੈਚਾਲਿਤ ਬਣਾਉਣ ਲਈ ਇੱਕ ਨਵੀਨਕਾਰੀ ਵਿਧੀ ਸੰਬੰਧੀ ਪੇਟੈਂਟ ਪ੍ਰਾਪਤ ਕੀਤਾ ਹੈ। ਮਸਨੂਈ ਬੁੱਧੀ ਨਾਲ ਕਾਰਜਸ਼ੀਲ ਇਹ ਮਸ਼ੀਨ ਤਕਨਾਲੋਜੀ ਦੀ ਇੱਕ ਉਤਮ ਉਦਾਹਰਣ ਹੈ। ਇਹ ਕਾਰਜ ਯੂਨੀਵਰਸਿਟੀ ਦੇ ਕਾਲਜ ਆਫ ਬਾਇਓਤਕਨਾਲੋਜੀ ਵਿਖੇ ਸ਼ੁਰੂ ਅਤੇ ਸੰਪੂਰਨ ਕੀਤਾ ਗਿਆ। ਇਹ ਤਕਨੀਕ ਪਸ਼ੂਆਂ ਦੀ ਚੁਆਈ ਨੂੰ ਛੇੜਛਾੜ ਰਹਿਤ ਬਣਾ ਕੇ ਉਸ ਦੀ ਪੂਰਤੀ ਲੜੀ ਨੂੰ ਪਾਰਦਰਸ਼ੀ ਰੱਖਦੀ ਹੈ ਅਤੇ ਸਹੀ ਰਿਕਾਰਡ ਉਪਲਬਧ ਕਰਾਉਂਦੀ ਹੈ। ਇਸ ਢੰਗ ਨਾਲ ਪਸ਼ੂ ਪਾਲਕ ਦੁੱਧ ਦਾ ਸਹੀ ਉਤਪਾਦਨ ਜਾਣ ਕੇ ਅਤੇ ਆਪਣੀਆਂ ਲਾਗਤਾਂ ਨੂੰ ਸਮਝ ਕੇ ਦੁੱਧ ਦੀ ਸਹੀ ਮੰਡੀ ਕੀਮਤ ਪ੍ਰਾਪਤ ਕਰਨ ਵਿੱਚ ਵੀ ਸਫਲ ਹੋਣਗੇ। ਇਸ ਨਾਲ ਪਸ਼ੂਆਂ ਦੇ ਸਹੀ ਉਤਪਾਦਨ ਦਾ ਪਤਾ ਲੱਗਣ ’ਤੇ ਉਨ੍ਹਾਂ ਦੇ ਅਣੁਵੰਸ਼ਿਕ ਗੁਣਾਂ ਨੂੰ ਜਾਣਨ ਵਿੱਚ ਮਦਦ ਮਿਲੇਗੀ ਅਤੇ ਨਸਲ ਸੁਧਾਰ ਲਈ ਵੀ ਬਿਹਤਰ ਕੰਮ ਕੀਤਾ ਜਾ ਸਕੇਗਾ। ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਡਾ. ਯਸ਼ਪਾਲ ਸਿੰਘ ਮਲਿਕ ਅਤੇ ਡਾ. ਇੰਦਰਜੀਤ ਸਿੰਘ ਦੇ ਸੁਯੋਗ ਤਕਨੀਕੀ ਮਾਰਗ ਦਰਸ਼ਨ ਅਧੀਨ ਇਹ ਤਕਨਾਲੋਜੀ ਤਿਆਰ ਕਰਨ ਹਿੱਤ ਡਾ ਨੀਰਜ ਕਸ਼ਯਪ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ। ਡਾ. ਨੀਰਜ ਕਸ਼ਯਪ ਨੇ ਇਸ ਟੀਮ ਦੀ ਨੁਮਾਇੰਦਗੀ ਕੀਤੀ ਅਤੇ ਉਨ੍ਹਾਂ ਨੇ ਯੂਨੀਵਰਸਿਟੀ ਵੱਲੋਂ ਮਿਲੇ ਸਹਿਯੋਗ ਲਈ ਪੂਰੇ ਯੂਨੀਵਰਸਿਟੀ ਪ੍ਰਸ਼ਾਸਨ ਦਾ ਧੰਨਵਾਦ ਕੀਤਾ। ਡਾ. ਕਸ਼ਯਪ ਨੇ ਕਿਹਾ ਕਿ ਨੌਜਵਾਨਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਅਤੇ ਪਸ਼ੂ ਪਾਲਣ ਖੇਤਰ ਦੀ ਬਿਹਤਰੀ ਲਈ ਹੋਰ ਉਪਰਾਲੇ ਕਰਨੇ ਚਾਹੀਦੇ ਹਨ।