ਮੰਗਲਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਝੋਨੇ ਦੀ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਬਾਅਦ ਦੁਪਹਿਰ ਇਕ ਵਜੇ ਮੀਟਿੰਗ ਬੁਲਾਈ ਹੈ।
ਸਾਉਣੀ ਸੀਜ਼ਨ ਦੀ ਮੁੱਖ ਫਸਲ ਝੋਨੇ ਦੀ ਸਰਕਾਰੀ ਖਰੀਦ ਇਕ ਅਕਤੂਬਰ ਤੋ ਸ਼ੁਰੂ ਹੋ ਰਹੀ ਹੈ। ਸਰਕਾਰ ਨੇ ਮੰਡੀਆਂ ਵਿਚ ਮੁੰਕਮਲ ਪ੍ਰਬੰਧ ਹੋਣ ਦਾ ਦਾਅਵਾ ਕੀਤਾ ਹੈ। ਸੂਬੇ ਦੀਆਂ ਖਰੀਦ ਏਜੰਸੀਆਂ ਪਨਗ੍ਰੇਨ, ਮਾਰਕਫੈੱਡ, ਪਨਸਪ, ਪੀ.ਐੱਸ.ਡਬਲਯੂ.ਸੀ, ਅਤੇ ਐੱਫ.ਸੀ.ਆਈ. ਨੂੰ ਮੰਡੀਆਂ ਅਲਾਟ ਕਰ ਦਿੱਤੀਆਂ ਹਨ। ਸਭ ਤੋਂ ਅਹਿਮ ਗੱਲ ਹੈ ਕਿ ਸੂਬੇ ਦੇ ਆੜਤੀਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਕੀਤੀ ਹੋਈ ਹੈ। ਇਹਨਾਂ ਹਾਲਾਤਾਂ ਵਿਚ ਮੰਗਲਵਾਰ ਤੋ ਸ਼ੁਰੂ ਹੋਣ ਵਾਲੇ ਝੋਨੇ ਦੇ ਸੀਜ਼ਨ ਦੌਰਾਨ ਝੋਨਾ ਖਰੀਦਣ ਵਿਚ ਦਿੱਕਤਾਂ ਆਉਣ ਦੀ ਸੰਭਾਵਨਾਂ ਨੂੰ ਰੱਦ ਨਹੀਂ ਕੀਤਾ ਜਾ ਸਕਦਾ।
ਉਧਰ ਮੰਗਲਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਝੋਨੇ ਦੀ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਬਾਅਦ ਦੁਪਹਿਰ ਇਕ ਵਜੇ ਮੀਟਿੰਗ ਬੁਲਾਈ ਹੈ। ਜਾਣਕਾਰੀ ਅਨੁਸਾਰ ਸਾਰੇ ਡਿਪਟੀ ਕਮਿਸ਼ਨਰ ਵੀਡਿਓ ਕਾਨਫਰੰਸਿੰਗ ਰਾਹੀ ਮੀਟਿੰਗ ਵਿਚ ਸ਼ਾਮਲ ਹੋਣਗੇ। ਖੁਰਾਕ ਤੇ ਸਿਵਲ ਸਪਲਾਈ ਵਿਭਾਗ ਨੂੰ ਸੀਜ਼ਨ ਦੌਰਾਨ 185 ਲੱਖ ਮੀਟਰਕ ਟਨ ਝੋਨਾ ਮੰਡੀਆਂ ਆਉਣ ਦੀ ਉਮੀਦ ਹੈ। ਇਸ ਵਾਰ ਕਿਸਾਨਾਂ ਨੇ 32 ਲੱਖ ਹੈਕਟੇਅਰ ਰਕਬੇ ਵਿਚ ਝੋਨਾ ਲਾਇਆ ਹੈ। ਭਾਰਤੀ ਰਿਜ਼ਰਵ ਬੈਂਕ ਵੱਲੋਂ ਸਾਉਣੀ ਮੰਡੀਕਰਨ ਸੀਜਨ 2024-25 ਲਈ 41,378 ਕਰੋੜ ਰੁਪਏ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ।ਸਰਕਾਰ ਨੇ ਝੋਨੇ ਲਈ 2320 ਰੁਪਏ ਪ੍ਰਤੀ ਕੁਇੰਟਲ ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) ਤੈਅ ਕੀਤਾ ਹੈ।
ਹਾਲਾਂਕਿ ਮੁੱਖ ਮੰਤਰੀ ਨੇ ਬੀਤੇ ਕੱਲ ਵੀ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਮੰਤਰੀ ਲਾਲ ਚੰਦ ਕਟਾਰੂਚੱਕ, ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁਡੀਆ ਤੇ ਹੋਰ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਜਾਇਜ਼ਾ ਲਿਆ ਸੀ। ਮੁੱਖ ਮੰਤਰੀ ਨੇ ਅੱਜ ਅਧਿਕਾਰੀਆਂ ਨੂੰ ਕਿਸਾਨਾਂ ਨੂੰ ਮੰਡੀਆਂ ਵਿਚ ਫ਼ਸਲ ਵੇਚਣ ਵਿਚ ਕੋਈ ਦਿਕਤ ਨਾ ਆਉਣ ਦੇਣ ਦੇ ਹੁਕਮ ਦਿੱਤੇ ਸਨ।
ਮੁੱਖ ਮੰਤਰੀ ਨੇ ਡਿਪਟੀ ਕਮਿਸਨਰਾਂ ਨੂੰ ਜ਼ਮੀਨੀ ਪੱਧਰ ‘ਤੇ ਸਮੁੱਚੇ ਕਾਰਜਾਂ ਦਾ ਜਾਇਜ਼ਾ ਲੈਣ ਲਈ ਰੋਜ਼ਾਨਾ 7-8 ਮੰਡੀਆਂ ਦਾ ਦੌਰਾ ਕਰਨ ਲਈ ਵੀ ਕਿਹਾ ਹੈ। ਖਰੀਦ ਸੀਜ਼ਨ 2024-25 ਲਈ ਕਸਟਮ ਮਿਲਿੰਗ ਦੀ ਅਲਾਟਮੈਂਟ ਵਾਸਤੇ ਸਭ ਤੋਂ ਪਹਿਲਾਂ ਅਪਲਾਈ ਕਰਨ ਵਾਲੇ 750 ਮਿੱਲ ਮਾਲਕਾਂ ਨੂੰ ਨੀਤੀ ਅਨੁਸਾਰ ਅਲਾਟ ਕੀਤੇ ਝੋਨੇ ਤੋਂ 25 ਫੀਸਦੀ ਵੱਧ ਝੋਨਾ ਅਲਾਟ ਕੀਤਾ ਜਾਵੇਗਾ।
ਸੂਤਰ ਦੱਸਦੇ ਹਨ ਕਿ ਮੰਡੀਆਂ ਅਤੇ ਸ਼ੈਲਰਾਂ ਵਿਚ ਝੋਨੇ ਦੇ ਭੰਡਾਰ ਨੂੁੰ ਲੈ ਕੇ ਵੱਡੀ ਦਿਕਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਕਿ ਪਹਿਲਾਂ ਹੀ ਕਣਕ ਅਤੇ ਝੋਨੇ (ਚਾਵਲ) ਨਾਲ ਗੁਦਾਮ ਭਰੇ ਪਏ ਹਨ।
ਪਿਛਲੇ ਦਿਨੀਂ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਅਤੇ ਵਿਭਾਗ ਦੇ ਮੁਖੀ ਕੇਂਦਰੀ ਮੰਤਰੀ ਨਾਲ ਮੀਟਿੰਗ ਕਰਕੇ ਗੁਦਾਮ ਖਾਲੀ ਕਰਨ ਲਈ ਬੇਨਤੀ ਕਰ ਚੁੱਕੇ ਹਨ, ਪਰ ਕੇਂਦਰ ਸਰਕਾਰ ਨੇ ਇਸਨੂੰ ਗੰਭੀਰਤਾ ਨਾਲ ਨਹੀਂ ਲਿਆ। ਜਿਸ ਕਰਕੇ ਝੋਨੇ ਦੇ ਭੰਡਾਰ ਨੂੰ ਲੈ ਕੇ ਕਿਸਾਨਾਂ ਤੇ ਆੜਤੀਆਂ ਨੂੰ ਦਿਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।