ਗਲੀ-ਮੁਹੱਲਿਆਂ ’ਚ ਘੁੰਮਦੇ ਰੇਹੜੀ-ਫੜੀ ਵਾਲੇ ਇਸ ਨੂੰ 120 ਰੁਪਏ ਪ੍ਰਤੀ ਕਿੱਲੋ ਤੱਕ ਵੇਚ ਰਹੇ ਹਨ। ਕਈ ਦੁਕਾਨਦਾਰਾਂ ਨੇ ਤਾਂ ਮਹਿੰਗਾਈ ਕਾਰਨ ਟਮਾਟਰ ਖਰੀਦਣੇ ਬੰਦ ਕਰ ਦਿੱਤੇ ਹਨ।
ਨਰਾਤੇ ਸ਼ੁਰੂ ਹੋਣ ਤੋਂ ਬਾਅਦ ਫਲਾਂ ਤੇ ਸਬਜ਼ੀਆਂ ਦੀਆਂ ਕੀਮਤਾਂ ’ਚ ਤੇਜ਼ੀ ਨਾਲ ਵਾਧਾ ਹੋਇਆ ਹੈ। ਅਸਮਾਨ ਛੂਹ ਰਹੀਆਂ ਕੀਮਤਾਂ ਨੇ ਰਸੋਈ ਦਾ ਬਜਟ ਵਿਗਾੜ ਕੇ ਰੱਖ ਦਿੱਤਾ ਹੈ। ਰਸੋਈ ਦੇ ਖਰਚੇ ਪ੍ਰਤੀ ਹਫਤੇ 50 ਫੀਸਦੀ ਵਧੇ ਹਨ। ਸਭ ਤੋਂ ਵੱਧ ਵਾਧਾ ਟਮਾਟਰ ਦੀ ਕੀਮਤ ’ਚ ਹੋਇਆ ਹੈ। ਟਮਾਟਰ ਦਾ ਭਾਅ 100 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਗਿਆ ਹੈ। ਜਦੋਂ ਕਿ ਪਿਛਲੇ ਹਫਤੇ ਚੰਗੇ ਟਮਾਟਰ 60 ਰੁਪਏ ਕਿੱਲੋ ਦੇ ਹਿਸਾਬ ਨਾਲ ਮਿਲ ਰਹੇ ਸਨ। ਸਿਰਫ ਇਕ ਹਫਤੇ ‘ਚ 40 ਫੀਸਦੀ ਦਾ ਵਾਧਾ ਹੋਇਆ ਹੈ। ਇਹ ਕੀਮਤਾਂ ਸੈਕਟਰਾਂ ’ਚ ਹਫਤਾਵਾਰੀ ਬਾਜ਼ਾਰ ਦੀਆਂ ਹਨ।
ਗਲੀ-ਮੁਹੱਲਿਆਂ ’ਚ ਘੁੰਮਦੇ ਰੇਹੜੀ-ਫੜੀ ਵਾਲੇ ਇਸ ਨੂੰ 120 ਰੁਪਏ ਪ੍ਰਤੀ ਕਿੱਲੋ ਤੱਕ ਵੇਚ ਰਹੇ ਹਨ। ਕਈ ਦੁਕਾਨਦਾਰਾਂ ਨੇ ਤਾਂ ਮਹਿੰਗਾਈ ਕਾਰਨ ਟਮਾਟਰ ਖਰੀਦਣੇ ਬੰਦ ਕਰ ਦਿੱਤੇ ਹਨ। ਕਈ ਲੋਕ ਨਰਾਤਿਆਂ ਦੌਰਾਨ ਲਸਣ ਅਤੇ ਪਿਆਜ਼ ਦਾ ਸੇਵਨ ਬੰਦ ਕਰ ਦਿੰਦੇ ਹਨ। ਇਸ ਦੇ ਬਾਵਜੂਦ ਪਿਆਜ਼ ਦੀਆਂ ਕੀਮਤਾਂ ਘਟਣ ਦੀ ਬਜਾਏ ਵਧੀਆਂ ਹਨ।
ਪਿਆਜ਼ 60 ਰੁਪਏ ਪ੍ਰਤੀ ਕਿੱਲੋਗ੍ਰਾਮ ਤੱਕ ਪਹੁੰਚ ਗਿਆ ਹੈ। ਇਸ ਦੇ ਨਾਲ ਹੀ ਲਸਣ ਦੇ ਰੇਟ ਵਧਣ ਕਾਰਨ ਲੋਕਾਂ ਨੇ ਇਸ ਨੂੰ ਖਰੀਦਣਾ ਬੰਦ ਕਰ ਦਿੱਤਾ ਹੈ। ਕਈ ਘਰਾਂ ਦੀਆਂ ਰਸੋਈਆਂ ‘ਚ ਲਸਣ ਦੀ ਵਰਤੋਂ ਕਾਫੀ ਸਮੇਂ ਤੋਂ ਬੰਦ ਹੋ ਚੁੱਕੀ ਹੈ। ਲਸਣ 450 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਗਿਆ ਹੈ।
ਹਰੀਆਂ ਸਬਜ਼ੀਆਂ ਵੀ ਘੱਟ ਨਹੀਂ
ਹਰੀਆਂ ਸਬਜ਼ੀਆਂ ਦੇ ਭਾਅ ਵੀ ਵਧ ਗਏ ਹਨ। ਸਾਰੀਆਂ ਸਬਜ਼ੀਆਂ ‘ਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਮੌਸਮੀ ਸਬਜ਼ੀਆਂ ਵੀ ਮਹਿੰਗੀਆਂ ਹਨ। ਅਰਬੀ 100 ਤੋਂ 120 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਹਿਸਾਬ ਨਾਲ ਮਿਲ ਰਹੀ ਹੈ। ਫਰਾਸਬੀਨ ਵੀ 120 ਰੁਪਏ ਪ੍ਰਤੀ ਕਿੱਲੋ ਤੱਕ ਉਪਲਬਧ ਹੈ। ਜਦੋਂਕਿ ਤੋਰੀ 80 ਤੋਂ 100 ਰੁਪਏ ਪ੍ਰਤੀ ਕਿੱਲੋ ਤੱਕ ਪਹੁੰਚ ਗਿਆ ਹੈ। ਜਦੋਂ ਕਿ ਪਿਛਲੇ ਹਫ਼ਤੇ ਇਹ 50 ਤੋਂ 60 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਮਿਲ ਰਹੀ ਸੀ। ਭਿੰਡੀ ਵੀ 80 ਰੁਪਏ ਪ੍ਰਤੀ ਕਿੱਲੋ ਹੋ ਗਈ ਹੈ। ਹਰੇ ਮਟਰ 200 ਰੁਪਏ ਪ੍ਰਤੀ ਕਿੱਲੋ ਤੱਕ ਮਿਲ ਰਹੇ ਹਨ। ਇਸ ਦੇ ਨਾਲ ਹੀ ਗੋਭੀ ਵੀ 100 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਪਹੁੰਚ ਗਈ ਹੈ। ਸ਼ਿਮਲਾ ਮਿਰਚ ਦੀ ਕੀਮਤ 150 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਹੈ।
ਤਿਉਹਾਰਾਂ ਦੇ ਸੀਜ਼ਨ ‘ਚ ਜੇਬ ਖ਼ਰਚੇ ’ਤੇ ਪਵੇਗਾ ਅਸਰ
ਫਿਲਹਾਲ ਸਬਜ਼ੀਆਂ ਦੀਆਂ ਕੀਮਤਾਂ ‘ਚ ਕਮੀ ਦੀ ਕੋਈ ਉਮੀਦ ਨਹੀਂ ਹੈ। ਇਸ ਦਾ ਕਾਰਨ ਇਹ ਹੈ ਕਿ ਸਰਦੀ ਦਾ ਮੌਸਮ ਸ਼ੁਰੂ ਹੋਣ ਨਾਲ ਪੈਦਾਵਾਰ ਪ੍ਰਭਾਵਿਤ ਹੁੰਦਾ ਹੈ। ਇਸ ਤੋਂ ਇਲਾਵਾ ਵਿਆਹਾਂ ਅਤੇ ਤਿਉਹਾਰਾਂ ਕਾਰਨ ਵੀ ਮੰਗ ਵਧ ਰਹੀ ਹੈ। ਮੰਡੀ ’ਚ ਸਬਜ਼ੀ ਵਿਕਰੇਤਾ ਪੰਕਜ ਦੂਬੇ ਨੇ ਦੱਸਿਆ ਕਿ ਟਮਾਟਰ ਹਿਮਾਚਲ ਪ੍ਰਦੇਸ਼ ਤੋਂ ਆ ਰਿਹਾ ਹੈ। ਆਮਦ ਪਹਿਲਾਂ ਨਾਲੋਂ ਘੱਟ ਗਈ ਹੈ ਤੇ ਇਸ ਲਈ ਰੇਟ ਵਧ ਗਏ ਹਨ। ਸਪਲਾਈ ਘਟਣ ਤੇ ਮੰਗ ਵਧਣ ਕਾਰਨ ਦਰਾਂ ਵਧੀਆਂ ਹਨ। ਅਜੇ ਕੁਝ ਦਿਨਾਂ ਤੱਕ ਵਾਧਾ ਹੋ ਸਕਦਾ ਹੈ।
ਸਬਜ਼ੀਆਂ ਦੀਆਂ ਕੀਮਤਾਂ
ਟਮਾਟਰ 100
ਅਰਬੀ 100
ਹਰੇ ਮਟਰ 200
ਸ਼ਿਮਲਾ ਮਿਰਚ 150
ਤੋਰੀ 80-100
ਘੀਆ 50
ਫਰਾਸਬੀਨ 120
ਗੋਭੀ 100
ਖੀਰਾ 50
ਆਲੂ 40-50
ਪਿਆਜ਼ 50-60