ਦੀਵਾਲੀ, ਛੱਠ ਪੂਜਾ ਅਤੇ ਹੋਰਨਾਂ ਤਿਉਹਾਰਾਂ ’ਤੇ ਲੁਧਿਆਣਾ ਤੋਂ ਵੱਡੀ ਗਿਣਤੀ ’ਚ ਹੋਰਨਾਂ ਸੂਬਿਆਂ ‘ਚ ਜਾ ਰਹੇ ਪਰਵਾਸੀ ਮਜ਼ਦੂਰਾਂ ਦੀ ਭੀੜ ਨੇ ਰੇਲ ਸੇਵਾ ‘ਤੇ ਅਸਰ ਪਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਸਟੇਸ਼ਨ ’ਤੇ ਵਸੋਂ ਬਾਹਰ ਹੋ ਰਹੀ ਭੀੜ ਕਾਰਨ ਰੇਲਵੇ ਵਿਭਾਗ ਨੇ ਪਲੇਟਫਾਰਮ ਟਿਕਟ ਸੇਵਾ ਬੰਦ ਕਰ ਦਿੱਤੀ ਹੈ। ਮੰਡਲ ਰੇਲ ਪ੍ਰਬੰਧਕ ਸੰਜੈ ਸਾਹੂ ਨੇ ਦੱਸਿਆ ਕਿ ਇਨ੍ਹਾਂ ਦਿਨਾਂ ‘ਚ ਲੁਧਿਆਣਾ ਤੋਂ ਵੱਡੀ ਗਿਣਤੀ ’ਚ ਲੋਕ ਹੋਰਨਾਂ ਸੂਬਿਆਂ ਨੂੰ ਜਾ ਰਹੇ ਹਨ।
ਇਨ੍ਹਾਂ ਲੋਕਾਂ ਨੂੰ ਸਟੇਸ਼ਨ ਤੱਕ ਛੱਡਣ ਆਉਣ ਵਾਲਿਆਂ ਕਾਰਨ ਭੀੜ ਲਗਾਤਾਰ ਵੱਧ ਰਹੀ ਹੈ, ਜਿਸ ਨੂੰ ਕੰਟਰੋਲ ਕਰਨਾ ਮੁਸ਼ਕਲ ਹੋ ਰਿਹਾ ਹੈ। ਇਸ ਮੁਸ਼ਕਲ ਦੇ ਹੱਲ ਲਈ 18 ਨਵੰਬਰ ਤੱਕ ਲੁਧਿਆਣਾ ਸਟੇਸ਼ਨ ’ਤੇ ਪਲੇਟਫਾਰਮ ਟਿਕਟ ਸੇਵਾ ਬੰਦ ਕਰ ਦਿੱਤੀ ਗਈ।
ਸਪੈਸ਼ਲ ਕਾਊਂਟਰ ਲਗਾ ਕੇ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਆਪਣੇ ਨਾਲ ਘੱਟੋ-ਘੱਟ ਸਾਮਾਨ ਲੈ ਕੇ ਰੇਲ ਯਾਤਰਾ ਕਰਨ ਤਾਂ ਕਿ ਕਿਸੇ ਨੂੰ ਉਨ੍ਹਾਂ ਨੂੰ ਪਲੇਟਫਾਰਮ ਤੱਕ ਛੱਡਣ ਆਉਣ ਦੀ ਲੋੜ ਨਾ ਪਵੇ। ਜੋ ਲੋਕ ਕਿਸੇ ਨੂੰ ਛੱਡਣ ਲਈ ਆ ਰਹੇ ਹਨ, ਉਨ੍ਹਾਂ ਨੂੰ ਸਟੇਸ਼ਨ ਦੇ ਬਾਹਰੋਂ ਹੀ ਵਾਪਸ ਮੋੜਿਆ ਜਾ ਰਿਹਾ ਹੈ।