Home Desh Delhi Elections; 5 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ AAP...

Delhi Elections; 5 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ AAP ਨੇ ਝੋਕੀ ਪੂਰੀ ਤਾਕਤ

18
0

ਦਿੱਲੀ ’ਚ ਪਾਰਟੀ ਦੇ ਸਟਾਰ ਪ੍ਰਚਾਰਕਾਂ ਦੀ ਲਿਸਟ ਵਿਚ ਮੁੱਖ ਮੰਤਰੀ ਭਗਵੰਤ ਮਾਨ ਵੀ ਸ਼ਾਮਲ ਹਨ

 5 ਫਰਵਰੀ ਨੂੰ ਦਿੱਲੀ ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਨੇ ਪੂਰੀ ਤਾਕਤ ਝੋਕ ਰੱਖੀ ਹੈ। ਮੁੱਖ ਮੰਤਰੀ ਭਗਵੰਤ ਮਾਨ ਵੀਰਵਾਰ ਨੂੰ ਦਿੱਲੀ ਰਵਾਨਾ ਹੋ ਗਏ ਹਨ ਅਤੇ ਦੋ ਦਿਨ ਲਈ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿਚ ਚੋਣ ਪ੍ਰਚਾਰ, ਰੈਲੀਆਂ ਅਤੇ ਰੋਡ ਸ਼ੋਅ ਕਰਨਗੇ। ਵੀਰਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਾਨ ਸਭਾ ਹਲਕਾ ਗਾਂਧੀ ਨਗਰ ਅਤੇ ਗੌਂਡਾ ਵਿਖੇ ਰੋਡ ਸ਼ੋਅ ਕੀਤਾ ਜਦਕਿ ਹਾਈ ਕਮਾਨ ਨੇ ਪਾਰਟੀ ਦੇ ਵਿਧਾਇਕਾਂ, ਵੱਖ-ਵੱਖ ਬੋਰਡਾਂ, ਕਾਰਪੋਰੇਸ਼ਨਾਂ ਦੇ ਚੇਅਰਮੈਨਾਂ ਤੇ ਹੋਰ ਸੀਨੀਅਰ ਆਗੂਆਂ ਦੀਆਂ ਪਹਿਲਾਂ ਹੀ ਚੋਣ ਪ੍ਰਚਾਰ ਵਿਚ ਡਿਊਟੀਆਂ ਲਾਈਆਂ ਹੋਈਆਂ ਹਨ। ਪੰਜਾਬ ਦੇ ਵਿਧਾਇਕਾਂ ਨੂੰ ਇਕ-ਇਕ ਹਲਕੇ ਦੀ ਵਾਗਡੋਰ ਸੰਭਾਲੀ ਹੋਈ ਹੈ, ਜਦਕਿ ਹੋਰ ਆਗੂਆਂ ਦੀ ਵੱਖ–ਵੱਖ ਵਾਰਡਾਂ-ਮੁਹੱਲਿਆਂ ਵਿਚ ਡਿਊਟੀ ਲਗਾਈ ਹੋਈ ਹੈ।
ਦਿੱਲੀ ’ਚ ਪਾਰਟੀ ਦੇ ਸਟਾਰ ਪ੍ਰਚਾਰਕਾਂ ਦੀ ਲਿਸਟ ਵਿਚ ਮੁੱਖ ਮੰਤਰੀ ਭਗਵੰਤ ਮਾਨ ਵੀ ਸ਼ਾਮਲ ਹਨ ਅਤੇ ਕਈ ਹਲਕਿਆਂ ਵਿਚ ਮੁੱਖ ਮੰਤਰੀ ਦੀ ਮੰਗ ਕੀਤੀ ਜਾ ਰਹੀ ਹੈ ਜਿਸ ਕਰਕੇ ਆਪ ਹਾਈ ਕਮਾਨ ਨੇ ਮੁੱਖ ਮੰਤਰੀ ਨੂੰ ਦਿੱਲੀ ਬੁਲਾਇਆ ਹੈ। ਹਾਲਾਂਕਿ ਮੁੱਖ ਮੰਤਰੀ ਦੇ ਅਗਲੇ ਦੋ-ਤਿੰਨ ਦਿਨ ਦਿੱਲੀ ਰਹਿਣ ਕਾਰਨ ਮੁੱਖ ਮੰਤਰੀ ਦਫ਼ਤਰ ਦਾ ਕੰਮ ਪ੍ਰਭਾਵਿਤ ਹੋ ਸਕਦਾ ਹੈ ਪਰ ਪਾਰਟੀ ਲਈ ਦਿੱਲੀ ਚੋਣਾਂ ਕਰੋ ਜਾਂ ਮਰੋ ਵਾਲੀ ਸਥਿਤੀ ਬਣੀ ਹੋਈ ਹੈ। ਪੰਜਾਬ ਦੇ ਬਹੁਤ ਸਾਰੇ ਵਿਧਾਇਕ ਅਤੇ ਚੇਅਰਮੈਨ ਪਹਿਲਾਂ ਹੀ ਦਿੱਲੀ ’ਚ ਚੋਣ ਪ੍ਰਚਾਰ ਵਿਚ ਡਟੇ ਹੋਏ ਹਨ।
ਦੱਸਿਆ ਜਾਂਦਾ ਹੈ ਕਿ ਪਾਰਟੀ ਹਾਈ ਕਮਾਨ ਨੇ ਮੰਤਰੀਆਂ, ਵਿਧਾਇਕਾਂ ਅਤੇ ਚੇਅਰਮੈਨਾਂ ਨੂੰ ਦਿੱਲੀ ਰਹਿਣ-ਸਹਿਣ ਤੇ ਖਾਣ-ਪੀਣ ਦਾ ਪ੍ਰਬੰਧ ਖੁਦ ਕਰਨ ਲਈ ਕਿਹਾ ਹੈ, ਜਦਕਿ ਜ਼ਿਲ੍ਹਾ ਪੱਧਰ ’ਤੇ ਬਲਾਕ ਪੱਧਰ ਦੇ ਆਗੂਆਂ ਤੇ ਹੋਰ ਵਲੰਟੀਅਰਜ਼ ਦਾ ਖਰਚਾ ਪਾਰਟੀ ਵੱਲੋਂ ਕੀਤਾ ਜਾ ਰਿਹਾ ਹੈ। ਦੱਸਿਆ ਜਾਂਦਾ ਹੈ ਕਿ ਪੰਜਾਬ ਭਵਨ ਸਮੇਤ ਹੋਰ ਗੈਸਟ ਹਾਊਸ ਫੁੱਲ ਚੱਲ ਰਹੇ ਹਨ। ਕਈ ਵਿਧਾਇਕਾਂ ਨੇ ਨਾਮ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਜਦੋਂ ਤੋਂ ਉਹ ਵਿਧਾਇਕ ਬਣੇ ਹਨ, ਉਸੇ ਸਮੇ ਤੋਂ ਚੋਣ ਪ੍ਰਚਾਰ ਵੀ ਡਟੇ ਹੋਏ ਹਨ। ਇਕ ਵਿਧਾਇਕ ਦਾ ਕਹਿਣਾ ਹੈ ਕਿ ਸਰਕਾਰ ਬਣਨ ਤੋਂ ਬਾਅਦ ਹੀ ਸੰਗਰੂਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਆ ਗਈ ਸੀ।
ਉਸ ਤੋਂ ਬਾਅਦ ਜਲੰਧਰ ਲੋਕ ਸਭਾ ਦੀ ਜ਼ਿਮਨੀ ਚੋਣ, ਵਿਧਾਨ ਸਭਾ ਦੀਆਂ ਜ਼ਿਮਨੀ ਚੋਣਾਂ, ਪੰਚਾਇਤੀ ਤੇ ਸਥਾਨਕ ਸਰਕਾਰਾਂ ਵਿਭਾਗ ਦੀਆਂ ਚੋਣਾਂ ਆ ਗਈਆਂ ਹਨ। ਚੋਣ ਪ੍ਰਚਾਰ ਵਿਚ ਲੱਗੇ ਹੋਣ ਕਾਰਨ ਉਹਨਾਂ ਦੇ ਹੱਥ ਬੰਨ੍ਹੇ (ਜੋੜੇ) ਹੋਏ ਹਨ, ਵਿਧਾਇਕ ਵਾਲੀ ਫੀਲਿੰਗ ਹੀ ਨਹੀਂ ਲੈ ਸਕੇ। ਦਿੱਲੀ ’ਚ ਚੋਣ ਪ੍ਰਚਾਰ ਮੌਕੇ ਵਿਧਾਇਕਾਂ ਨੂੰ ਆਪਣੀ ਜੇਬ ’ਚੋਂ ਖਰਚਾ ਕਰਨਾ ਬਹੁਤ ਭਾਰੀ ਪੈ ਰਿਹਾ ਹੈ। ਇਸ ਨੂੰ ਲੈ ਕੇ ਉਹ ਅੰਦਰੋ-ਅੰਦਰੀ ਕਾਫ਼ੀ ਪਰੇਸ਼ਾਨ ਹਨ। ਉਧਰ ਕਾਂਗਰਸ ਨੇ ਵੀ ਆਪਣੇ ਵਿਧਾਇਕਾਂ ਤੇ ਹੋਰ ਸੀਨੀਅਰ ਆਗੂਆਂ ਦੀ ਦਿੱਲੀ ਚੋਣਾਂ ਵਿਚ ਡਿਊਟੀ ਲਗਾਈ ਹੋਈ ਹੈ।
Previous articleAkali dal: 20 ਤਰੀਕ ਨੂੰ ਸ਼ੁਰੂ ਹੋਵੇਗੀ ਨਵੀਂ ਭਰਤੀ, ਭੂੰਦੜ ਨੇ ਬੁਲਾਈ ਸੰਸਦੀ ਬੋਰਡ ਦੀ ਮੀਟਿੰਗ
Next articleਭਾਰਤੀ ਮੂਲ ਦੀ ਸੁਨੀਤਾ ਵਿਲੀਅਮਜ਼ ਨੇ 12 ਸਾਲ ਬਾਅਦ ਕੀਤੀ ਸਪੇਸਵਾਕ, ਸੱਤ ਮਹੀਨਿਆਂ ‘ਚ ਪਹਿਲੀ ਵਾਰ ਆਈ ਬਾਹਰ

LEAVE A REPLY

Please enter your comment!
Please enter your name here