ਜਲੰਧਰ :– ਨਗਰ ਨਿਗਮ ਜਲੰਧਰ ਦੇ ਕੌਂਸਲਰ ਹਾਊਸ ਦਾ ਕਾਰਜਕਾਲ ਇਸ ਸਾਲ ਦੇ ਸ਼ੁਰੂ ਵਿਚ 24 ਜਨਵਰੀ ਨੂੰ ਸਮਾਪਤ ਹੋ ਗਿਆ ਸੀ। ਅਗਲੀ ਜਨਵਰੀ ਆਉਣ ਵਾਲੀ ਹੈ ਪਰ ਜਲੰਧਰ ਨਗਰ ਨਿਗਮ ਦੀਆਂ ਚੋਣਾਂ ਕਦੋਂ ਹੋਣਗੀਆਂ ਅਤੇ ਨਵਾਂ ਕੌਂਸਲਰ ਹਾਊਸ ਕਦੋਂ ਗਠਿਤ ਹੋਵੇਗਾ, ਇਸ ਦੇ ਲਈ ਸ਼ਹਿਰ ਵਿਚ ਫਿਲਹਾਲ ਕੋਈ ਗਤੀਵਿਧੀ ਨਜ਼ਰ ਨਹੀਂ ਆ ਰਹੀ, ਜਿਸ ਕਾਰਨ ਸ਼ਹਿਰ ਵਿਚ ਚਰਚਾ ਸ਼ੁਰੂ ਹੋ ਗਈ ਹੈ ਕਿ ਸ਼ਾਇਦ ਪੰਜਾਬ ਵਿਚ ਨਗਰ ਨਿਗਮਾਂ ਦੀਆਂ ਚੋਣਾਂ ਲੋਕ ਸਭਾ ਇਲੈਕਸ਼ਨਾਂ ਤੋਂ ਬਾਅਦ ਹੀ ਹੋਣ।
ਅਜਿਹਾ ਤਰਕ ਦੇਣ ਵਾਲਿਆਂ ਦਾ ਕਹਿਣਾ ਹੈ ਕਿ ਕਈ ਸ਼ਹਿਰਾਂ ਵਿਚ ਅਜੇ ਵਾਰਡਬੰਦੀ ਦੀ ਪ੍ਰਕਿਰਿਆ ਪੂਰੀ ਨਹੀਂ ਹੋਈ। ਕਈ ਸ਼ਹਿਰਾਂ ਬਾਬਤ ਕੇਸ ਸੁਪਰੀਮ ਕੋਰਟ ਅਤੇ ਹਾਈਕੋਰਟ ਵਰਗੀਆਂ ਅਦਾਲਤਾਂ ਵਿਚ ਚੱਲ ਰਹੇ ਹਨ। ਅਜਿਹੇ ਵਿਚ ਚੋਣਾਂ ਕਰਵਾਉਣ ਵਿਚ ਸਮਾਂ ਲੱਗ ਸਕਦਾ ਹੈ। ਦੂਜੇ ਪਾਸੇ ਦੇਸ਼ ਵਿਚ ਸੰਸਦੀ ਚੋਣਾਂ ਮਾਰਚ, ਅਪ੍ਰੈਲ ਜਾਂ ਮਈ ਵਿਚ ਹੋ ਸਕਦੀਆਂ ਹਨ। ਅਜਿਹੇ ਵਿਚ ‘ਆਪ’ ਆਗੂ ਇਹ ਵੀ ਸੋਚ ਰਹੇ ਹਨ ਕਿ ਨਿਗਮ ਚੋਣਾਂ ਸਬੰਧੀ ਰਿਸਕ ਲੋਕ ਸਭਾ ਚੋਣਾਂ ਦੇ ਬਾਅਦ ਹੀ ਲਿਆ ਜਾਵੇ।