ਦਿੱਲੀ ਐਕਸਾਈਜ਼ ਘੁਟਾਲੇ ‘ਚ ਵਾਰ-ਵਾਰ ਸੰਮਨ ਜਾਰੀ ਹੋਣ ਦੇ ਬਾਵਜੂਦ ਪੁੱਛਗਿੱਛ ਲਈ ਈਡੀ ਸਾਹਮਣੇ ਪੇਸ਼ ਨਾ ਹੋਣ ਕਾਰਨ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਈਡੀ ਨੇ ਕੇਜਰੀਵਾਲ ਨੂੰ ਪੰਜਵੀਂ ਵਾਰ ਤਲਬ ਕੀਤਾ ਹੈ ਅਤੇ 2 ਫਰਵਰੀ ਨੂੰ ਪੁੱਛਗਿੱਛ ਲਈ ਬੁਲਾਇਆ ਹੈ। ਜੇਕਰ ਕੇਜਰੀਵਾਲ ਇਸ ਵਾਰ ਵੀ ਈਡੀ ਸਾਹਮਣੇ ਪੇਸ਼ ਨਹੀਂ ਹੁੰਦੇ ਹਨ ਤਾਂ ਈਡੀ ਉਨ੍ਹਾਂ ਖ਼ਿਲਾਫ਼ ਸਪਲੀਮੈਂਟਰੀ ਚਾਰਜਸ਼ੀਟ ਦਾਖ਼ਲ ਕਰ ਸਕਦੀ ਹੈ। ਦੈਨਿਕ ਭਾਸਕਰ ਦੀ ਰਿਪੋਰਟ ਦੇ ਮੁਤਾਬਕ ਸੂਤਰਾਂ ਦਾ ਕਹਿਣਾ ਹੈ ਕਿ ਈਡੀ ਕੋਲ ਕਾਫੀ ਸਬੂਤ ਹਨ ਜੋ ਆਬਕਾਰੀ ਘੁਟਾਲੇ ‘ਚ ਸ਼ਰਾਬ ਕੰਪਨੀਆਂ ਦੇ ਕਮਿਸ਼ਨ ਨੂੰ 5-12 ਫੀਸਦੀ ਵਧਾਉਣ ਦੇ ਮਾਮਲੇ ‘ਚ ਸੀਐੱਮ ਕੇਜਰੀਵਾਲ ਖਿਲਾਫ ਅਦਾਲਤ ‘ਚ ਦੋਸ਼ ਸਾਬਤ ਕਰ ਸਕਦੇ ਹਨ। ਦੱਸਿਆ ਜਾ ਰਿਹਾ ਹੈ ਕਿ ਕੇਜਰੀਵਾਲ ਦੀ ਕਾਨੂੰਨੀ ਟੀਮ ਸੰਮਨਾਂ ਦਾ ਅਧਿਐਨ ਕਰ ਰਹੀ ਹੈ ਅਤੇ ਕਾਨੂੰਨ ਮੁਤਾਬਕ ਫੈਸਲਾ ਲਿਆ ਜਾਵੇਗਾ। ਮੰਨਿਆ ਜਾ ਰਿਹਾ ਹੈ ਕਿ ਇਸ ਵਾਰ ਵੀ ਕੇਜਰੀਵਾਲ ਦੇ ਈਡੀ ਸਾਹਮਣੇ ਪੇਸ਼ ਹੋਣ ਦੀ ਸੰਭਾਵਨਾ ਨਹੀਂ ਹੈ।
ਦੱਸ ਦੇਈਏ ਕਿ ਈਡੀ ਨੇ ਸੀਐਮ ਕੇਜਰੀਵਾਲ ਨੂੰ 18 ਜਨਵਰੀ, 3 ਜਨਵਰੀ, 21 ਦਸੰਬਰ ਅਤੇ 2 ਨਵੰਬਰ ਨੂੰ ਪੁੱਛਗਿੱਛ ਲਈ ਬੁਲਾਇਆ ਸੀ। ਉਨ੍ਹਾਂ ਨੇ ਸੰਮਨ ਦਾ ਵਿਰੋਧ ਕਰਦੇ ਹੋਏ ਇਸ ਨੂੰ ਗੈਰ-ਕਾਨੂੰਨੀ ਅਤੇ ਰਾਜਨੀਤੀ ਤੋਂ ਪ੍ਰੇਰਿਤ ਦੱਸਿਆ। ਤਾਜ਼ਾ ਨੋਟਿਸ ਜਾਰੀ ਕਰਕੇ, ਈਡੀ ਨੇ ਮੁੱਖ ਮੰਤਰੀ ਕੇਜਰੀਵਾਲ ਦੀ ਉਸ ਦਲੀਲ ਨੂੰ ਮੁੜ ਰੱਦ ਕਰ ਦਿੱਤਾ, ਜਿਸ ਵਿੱਚ ਉਨ੍ਹਾਂ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੂੰ ਜਾਰੀ ਕੀਤੇ ਸੰਮਨ ਕਾਨੂੰਨ ਦੇ ਅਨੁਸਾਰ ਨਹੀਂ ਸਨ, ਇਸ ਲਈ ਉਹ ਪੁੱਛਗਿੱਛ ਲਈ ਈਡੀ ਦੇ ਸਾਹਮਣੇ ਪੇਸ਼ ਨਹੀਂ ਹੋਏ ਸਨ।








