ਅਕਸਰ ਸ਼ਹਿਰੀ ਲੋਕ ਨਾਸ਼ਤੇ ਵਿੱਚ ਬਰੈੱਡ ਖਾਣਾ ਪਸੰਦ ਕਰਦੇ ਹਨ। ਬਹੁਤੇ ਘਰਾਂ ਅੰਦਰ ਸਵੇਰ ਦੀ ਸ਼ੁਰੂਆਤ ਹੀ ਬਰੈੱਡ ਟੋਸਟ ਨਾਲ ਹੁੰਦੀ ਹੈ। ਅੱਜ ਦੇ ਦੌਰ ਵਿੱਚ ਇਸ ਨੂੰ ਲਗਪਗ ਹਰ ਘਰ ‘ਚ ਖਾਧਾ ਜਾਂਦਾ ਹੈ ਪਰ ਹਾਲ ਹੀ ‘ਚ ਹੋਈ ਖੋਜ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਖੋਜ ਵਿੱਚ ਖੁਲਾਸਾ ਹੋਇਆ ਹੈ ਕਿ ਜ਼ਿਆਦਾ ਮਾਤਰਾ ਵਿੱਚ ਵ੍ਹਾਈਟ ਬਰੈੱਡ ਤੇ ਅਲਕੋਹਲ ਦਾ ਸੇਵਨ ਕਰਨ ਨਾਲ ਕੋਲਨ ਕੈਂਸਰ ਦਾ ਖ਼ਤਰਾ ਵੱਧ ਜਾਂਦਾ ਹੈ।
ਜਰਨਲ ਆਫ ‘ਨਿਊਟ੍ਰੀਐਂਟਸ’ ‘ਚ ਪ੍ਰਕਾਸ਼ਿਤ ਤਾਜ਼ਾ ਖੋਜ ਤੋਂ ਪਤਾ ਲੱਗਾ ਹੈ ਕਿ ਵ੍ਹਾਈਟ ਬ੍ਰੈੱਡ ਤੇ ਅਲਕੋਹਲ ਦੇ ਸੇਵਨ ਤੇ ਕੋਲੋਰੈਕਟਲ ਕੈਂਸਰ ਦੇ ਵਧੇ ਹੋਏ ਖਤਰੇ ਵਿਚਕਾਰ ਸਬੰਧ ਹੈ। ਵਿਸ਼ਵ ਸਿਹਤ ਸੰਗਠਨ ਅਨੁਸਾਰ, ਕੋਲੋਰੈਕਟਲ ਕੈਂਸਰ (CRC) ਇੱਕ ਅਹਿਮ ਵਿਸ਼ਵ ਸਿਹਤ ਚਿੰਤਾ ਹੈ ਤੇ ਦੁਨੀਆ ਭਰ ਵਿੱਚ ਇਹ ਤੀਜਾ ਸਭ ਤੋਂ ਆਮ ਕੈਂਸਰ ਹੈ। ਇਹ ਕੈਂਸਰ ਨਾਲ ਹੋਣ ਵਾਲੀਆਂ ਮੌਤਾਂ ਦੇ ਦੂਜੇ ਪ੍ਰਮੁੱਖ ਕਾਰਨਾਂ ਵਿੱਚੋਂ ਇੱਕ ਹੈ।
ਅਧਿਐਨ ਦੀ ਜਾਂਚ ਕਰਨ ਲਈ ਚੀਨੀ ਤੇ ਸਕਾਟਿਸ਼ ਯੂਨੀਵਰਸਿਟੀਆਂ ਦੇ ਖੋਜਕਰਤਾਵਾਂ ਨੇ ਯੂਕੇ ਬਾਇਓਬੈਂਕ ਵਿੱਚ 118,000 ਤੋਂ ਵੱਧ ਭਾਗੀਦਾਰਾਂ ਦੇ ਡੇਟਾ ਦੀ ਜਾਂਚ ਕੀਤੀ। ਉਨ੍ਹਾਂ ਨੇ 139 ਆਮ ਤੌਰ ‘ਤੇ ਖਾਧੇ ਜਾਣ ਵਾਲੇ ਭੋਜਨਾਂ ਤੇ ਪੌਸ਼ਟਿਕ ਤੱਤਾਂ ‘ਤੇ ਧਿਆਨ ਕੇਂਦਰਤ ਕੀਤਾ। ਉਨ੍ਹਾਂ ਨੇ ਦੇਖਿਆ ਕਿ 12 ਸਾਲਾਂ ਵਿੱਚ ਲਗਪਗ 1,500 ਲੋਕਾਂ ਨੂੰ ਕੋਲੋਰੈਕਟਲ ਕੈਂਸਰ ਹੋਇਆ ਹੈ। ਅਧਿਐਨ ਵਿੱਚ ਕੋਲੋਰੈਕਟਲ ਕੈਂਸਰ ਲਈ ਇੱਕ ਪ੍ਰਮੁੱਖ ਜੋਖਮ ਦੇ ਕਾਰਕ ਵਜੋਂ ਵਾਈਟ ਬਰੈੱਡ ਤੇ ਅਲਕੋਹਲ ਦੀ ਖਪਤ ਵਿਚਕਾਰ ਇੱਕ ਸਬੰਧ ਪਾਇਆ ਗਿਆ। ਅਧਿਐਨ ਅਨੁਸਾਰ, ਜਿਨ੍ਹਾਂ ਭਾਗੀਦਾਰਾਂ ਨੇ ਵਧੇਰੇ ਵਾਈਟ ਬਰੈੱਡ ਤੇ ਅਲਕੋਹਲ ਦਾ ਸੇਵਨ ਕੀਤਾ ਸੀ, ਉਨ੍ਹਾਂ ਵਿੱਚ ਸੀਆਰਸੀ ਦੇ ਵਿਕਾਸ ਲਈ ਖ਼ਤਰੇ ਦਾ ਅਨੁਪਾਤ ਵਧੇਰੇ ਸੀ। ਖੋਜਕਰਤਾਵਾਂ ਨੇ ਨੋਟ ਕੀਤਾ ਕਿ ਖੁਰਾਕ ਫਾਈਬਰ, ਕੈਲਸ਼ੀਅਮ, ਮੈਗਨੀਸ਼ੀਅਮ, ਫਾਸਫੋਰਸ ਤੇ ਮੈਂਗਨੀਜ਼ ਸੀਆਰਸੀ ਜੋਖਮ ਨਾਲ ਉਲਟ ਸਬੰਧ ਦਿਖਾਉਂਦੇ ਹਨ। ਇਸ ਤੋਂ ਇਲਾਵਾ ਅਧਿਐਨ ‘ਚ ਇਹ ਵੀ ਕਿਹਾ ਗਿਆ ਹੈ ਕਿ ਪੋਸ਼ਕ ਤੱਤਾਂ ਨਾਲ ਭਰਪੂਰ ਭੋਜਨ ਲੋਕਾਂ ਨੂੰ ਕੋਲੋਰੈਕਟਲ ਕੈਂਸਰ ਤੋਂ ਬਚਾਉਣ ‘ਚ ਅਹਿਮ ਭੂਮਿਕਾ ਨਿਭਾਉਂਦੇ ਹਨ। ਲਗਪਗ 25 ਪ੍ਰਤੀਸ਼ਤ ਸੀਆਰਸੀ ਕੇਸਾਂ ਵਿੱਚ ਜੈਨੇਟਿਕਸ ਭੂਮਿਕਾ ਨਿਭਾਉਂਦੇ ਹਨ, ਜਿਨ੍ਹਾਂ ਨੂੰ ਖੁਰਾਕ ਵਿੱਚ ਤਬਦੀਲੀਆਂ ਤੇ ਜੀਵਨ ਸ਼ੈਲੀ ਵਿੱਚ ਤਬਦੀਲੀਆਂ ਦੁਆਰਾ ਰੋਕਿਆ ਜਾ ਸਕਦਾ ਹੈ। ਹਾਲਾਂਕਿ, ਸਮੇਂ ਸਿਰ ਨਿਦਾਨ ਛੇਤੀ ਨਿਦਾਨ ਤੇ ਇਲਾਜ ਵਿੱਚ ਮਦਦ ਕਰ ਸਕਦਾ ਹੈ।
ਕੋਲਨ ਕੈਂਸਰ ਕੀ ਹੈ?
ਕੋਲਨ ਕੈਂਸਰ ਤੇਜ਼ੀ ਨਾਲ ਨੌਜਵਾਨਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ। ਇਸ ਨੂੰ ਅੰਤੜੀਆਂ ਦਾ ਕੈਂਸਰ ਜਾਂ ਕੋਲੋਰੈਕਟਲ ਕੈਂਸਰ ਵੀ ਕਿਹਾ ਜਾਂਦਾ ਹੈ। ਇਹ ਕੈਂਸਰ ਦੀ ਇੱਕ ਕਿਸਮ ਹੈ ਜੋ ਕੋਲਨ ਜਾਂ ਗੁਦਾ ਦੇ ਸੈੱਲਾਂ ਤੋਂ ਸ਼ੁਰੂ ਹੁੰਦੀ ਹੈ ਤੇ ਇਹ ਹੌਲੀ-ਹੌਲੀ ਪਾਚਨ ਪ੍ਰਣਾਲੀ ਤੱਕ ਪਹੁੰਚ ਜਾਂਦੀ ਹੈ। ਇਹ ਉਦੋਂ ਹੁੰਦਾ ਹੈ, ਜਦੋਂ ਵੱਡੀ ਆਂਦਰ ਵਿੱਚ ਅਸਧਾਰਨ ਸੈੱਲ ਬੇਕਾਬੂ ਤੌਰ ‘ਤੇ ਵਧਣ ਲੱਗਦੇ ਹਨ, ਨਤੀਜੇ ਵਜੋਂ ਟਿਊਮਰ ਬਣਦੇ ਹਨ।