ਨੌਜਵਾਨਾਂ ਨੂੰ ‘ਨਸ਼ਾ ਮੁਕਤ ਭਾਰਤ’ ਦਾ ਸੁਨੇਹਾ ਦੇਣ ਲਈ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ ਸਾਈਕਲ ਯਾਤਰਾ ‘ਤੇ ਨਿਕਲਿਆ ਹੋਇਆ ਹੈ।
ਨਸ਼ੇ ਦੀ ਦਲਦਲ ’ਚ ਧਸਦੀ ਜਾ ਰਹੀ ਜਵਾਨੀ ਤੇ ਦੇਸ਼ ਦੇ ਭਵਿੱਖ ਨੂੰ ਧੁੰਦਲਾ ਬਣਾ ਰਹੇ ਨਸ਼ੇ ਖ਼ਿਲਾਫ਼ ਜਿੱਥੇ ਸਰਕਾਰੀ ਅਤੇ ਸਮਾਜਿਕ ਸੰਸਥਾਵਾਂ ਆਪਣੇ ਪੱਧਰ ’ਤੇ ਦੇਸ਼ ਨੂੰ ਨਸ਼ਾਮੁਕਤ ਕਰਨ ਦੇ ਉਪਰਾਲੇ ਕਰ ਰਹੀਆਂ ਹਨ, ਉੱਥੇ ਹੀ ਇਕ ਅਜਿਹਾ ਸ਼ਖਸ ਵੀ ਹੈ ਜੋ ਵਿਲੱਖਣ ਤਰੀਕੇ ਨਾਲ ਦੇਸ਼ ਨੂੰ ਨਸ਼ੇ ਖ਼ਿਲਾਫ਼ ਲਾਮਬੰਦ ਕਰਨ ਲਈ ਘਰੋਂ ਨਿਕਲਿਆ ਹੋਇਆ ਹੈ।
ਇਹ ਨੌਜਵਾਨ ਹੈ ਕੇਰਲਾ ਦੇ ਕੰਨੂਰ ਦਾ ਰਹਿਣ ਵਾਲਾ 23 ਵਰ੍ਹਿਆਂ ਦਾ ਸਨੀਦ ਡੀਬੀਜ਼ੈੱਡ ਹੈ, ਜੋ ਨੌਜਵਾਨਾਂ ਨੂੰ ‘ਨਸ਼ਾ ਮੁਕਤ ਭਾਰਤ’ ਦਾ ਸੁਨੇਹਾ ਦੇਣ ਲਈ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ ਸਾਈਕਲ ਯਾਤਰਾ ‘ਤੇ ਨਿਕਲਿਆ ਹੋਇਆ ਹੈ। ਸਨੀਦ ਦੇ ਬੁੱਧਵਾਰ ਨੂੰ ਦੀਨਾਨਗਰ ਪੁੱਜਣ ‘ਤੇ ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪ੍ਰੀਸ਼ਦ ਦੇ ਜਨਰਲ ਸਕੱਤਰ ਕੁੰਵਰ ਰਵਿੰਦਰ ਸਿੰਘ ਵਿੱਕੀ ਅਤੇ ਲੋਕ ਸੇਵਾ ਦਲ ਦੇ ਪ੍ਰਧਾਨ ਸੁਖਵਿੰਦਰ ਸਿੰਘ ਪਾਹੜਾ ਨੇ ਸਨੀਦ ਦਾ ਸਨਮਾਨ ਕੀਤਾ ਅਤੇ ਉਸ ਦਾ ਮਨੋਬਲ ਵਧਾਇਆ।
ਸਿਵਲ ਇੰਜੀਨੀਅਰਿੰਗ ਅਤੇ ਇੰਟੀਰੀਅਰ ਡਿਜ਼ਾਈਨਰ ਡਿਪਲੋਮਾ ਹੋਲਡਰ ਸਨੀਦ ਨੇ ਦੱਸਿਆ ਕਿ ਉਸ ਦੇ ਪਿਤਾ ਡਰਾਈਵਰ ਤੇ ਮਾਂ ਘਰੇਲੂ ਔਰਤ ਹੈ ਅਤੇ ਉਹ ਚਾਰ ਭਰਾਵਾਂ ਵਿੱਚੋਂ ਸਭ ਤੋਂ ਛੋਟਾ ਹੈ। ਉਸ ਨੇ ਦੱਸਿਆ ਕਿ ਜਦੋਂ ਵੀ ਉਹ ਅਖ਼ਬਾਰਾਂ ਵਿੱਚ ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ ਦੀ ਖ਼ਬਰ ਪੜ੍ਹਦਾ ਸੀ ਤਾਂ ਉਹ ਬਹੁਤ ਦੁਖੀ ਹੁੰਦਾ ਸੀ ਅਤੇ ਉਸ ਦੇ ਮਨ ਵਿੱਚ ਇਹ ਖ਼ਿਆਲ ਆਉਂਦਾ ਸੀ ਕਿ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੀ ਗ੍ਰਿਫ਼ਤ ਵਿੱਚੋਂ ਕਿਵੇਂ ਕੱਢਿਆ ਜਾਵੇ। ਇਸ ਮਿਸ਼ਨ ਲਈ ਉਸ ਨੇ ਇਕ ਅਨੋਖਾ ਤਰੀਕਾ ਵਰਤਦੇ ਹੋਏ ਇਕ ਪਹੀਆ ਸਾਈਕਲ ਯਾਤਰਾ ਸ਼ੁਰੂ ਕੀਤੀ ਤਾਂ ਕਿ ਲੋਕਾਂ ਦਾ ਧਿਆਨ ਉਸ ਵੱਲ ਖਿੱਚਿਆ ਜਾਵੇ ਅਤੇ ਉਹ ਉਨ੍ਹਾਂ ਨੂੰ ਆਪਣੀ ਯਾਤਰਾ ਦਾ ਮਕਸਦ ਦੱਸ ਸਕੇ।
ਇਸ ਮੌਕੇ ਸੂਬੇਦਾਰ ਮੇਜਰ ਮਦਨ ਲਾਲ ਸ਼ਰਮਾ, ਸੂਬੇਦਾਰ ਮੇਜਰ ਸ਼ਾਮ ਸਿੰਘ, ਈਸ਼ਵਰ ਸੈਣੀ, ਬਲਵਿੰਦਰ ਸਿੰਘ, ਰਾਜਵਿੰਦਰ ਸਿੰਘ, ਤੀਰਥ ਸਿੰਘ, ਸ਼ਿਵ ਸਿੰਘ ਅਤੇ ਜੋਨੀ ਠਾਕੁਰ ਵੀ ਹਾਜ਼ਰ ਸਨ।
ਸੱਤ ਮਹੀਨਿਆਂ ’ਚ ਕੀਤਾ 4780 ਕਿਲੋਮੀਟਰ ਦਾ ਸਫ਼ਰ ਤੈਅ
ਸਨੀਦ ਅਨੁਸਾਰ ਉਸ ਦੇ ਮਾਤਾ ਪਿਤਾ ਇਸ ਔਖੀ ਯਾਤਰਾ ਦੇ ਹੱਕ ਵਿੱਚ ਨਹੀਂ ਸਨ ਪਰ ਉਹ ਦੇਸ਼ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰਨ ਲਈ 7 ਮਹੀਨੇ ਪਹਿਲਾਂ ਆਪਣੇ ਸਾਥੀਆਂ ਨਾਲ ਘਰ ਤੋਂ 32 ਦਿਨ ਸਾਈਕਲ ਚਲਾ ਕੇ ਸਭ ਤੋਂ ਪਹਿਲਾਂ ਕੰਨਿਆਕੁਮਾਰੀ ਪਹੁੰਚਿਆ। ਇਸ ਦੌਰਾਨ ਉਸ ਦੇ ਸਾਥੀ ਹਿੰਮਤ ਹਾਰ ਕੇ ਸਫਰ ਨੂੰ ਅੱਧ-ਵਿਚਾਲੇ ਛੱਡ ਕੇ ਘਰਾਂ ਨੂੰ ਵਾਪਸ ਪਰਤ ਗਏ ਪਰ ਉਸ ਨੇ ਹੌਸਲਾ ਨਹੀਂ ਹਾਰਿਆ ਅਤੇ ਆਪਣੇ ਮਿਸ਼ਨ ਨੂੰ ਪੂਰਾ ਕਰਨ ਲਈ ਅੱਗੇ ਵਧਦਾ ਰਿਹਾ। ਸਨੀਦ ਨੇ ਦੱਸਿਆ ਕਿ ਅਕਸਰ ਲੋਕ ਕਸ਼ਮੀਰ ਤੋਂ ਕੰਨਿਆਕੁਮਾਰੀ ਜਾਂਦੇ ਹਨ ਪਰ ਉਸ ਨੇ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ ਸਾਈਕਲ ਯਾਤਰਾ ਸ਼ੁਰੂ ਕੀਤੀ ਹੈ ਅਤੇ ਹੁਣ ਤੱਕ ਉਹ ਮਹਾਰਾਸ਼ਟਰ, ਤਾਮਿਲਨਾਡੂ, ਮੱਧ ਪ੍ਰਦੇਸ਼, ਯੂਪੀ, ਹਰਿਆਣਾ, ਕਰਨਾਟਕ, ਉੜੀਸਾ, ਕੋਲਕਾਤਾ ਅਤੇ ਹੋਰ ਕਈ ਰਾਜਾਂ ਦੀ ਯਾਤਰਾ ਕਰਦਾ ਹੋਇਆ 4780 ਕਿਲੋਮੀਟਰ ਦਾ ਸਫ਼ਰ ਤੈਅ ਕਰਨ ਤੋਂ ਬਾਅਦ ਚਾਰ ਦਿਨ ਪਹਿਲਾਂ ਪੰਜਾਬ ਪਹੁੰਚਿਆ ਹੈ ਜਿੱਥੋਂ ਉਹ ਅੱਗੇ ਜੰਮੂ ਕਸ਼ਮੀਰ ਲਈ ਰਵਾਨਾ ਹੋਵੇਗਾ। ਸਨੀਦ ਨੇ ਦੱਸਿਆ ਕਿ ਉਹ ਆਪਣੀ ਯਾਤਰਾ ਦੌਰਾਨ ਦੁਨੀਆ ਦੇ ਸਭ ਤੋਂ ਉੱਚੇ ਅਤੇ ਦੂਰ-ਦੁਰਾਡੇ ਸਥਿਤ ਲੱਦਾਖ ਦੇ ਉਮਲਿੰਗਲਾ ਅਤੇ ਗਲੇਸ਼ੀਅਰ ‘ਤੇ ਜਾ ਕੇ ਦੇਸ਼ ਦੇ ਉਨ੍ਹਾਂ ਬਹਾਦਰ ਸੈਨਿਕਾਂ ਨੂੰ ਵੀ ਮਿਲੇਗਾ ਜੋ ਮੁਸ਼ਕਿਲ ਹਾਲਾਤਾਂ ‘ਚ ਡਿਊਟੀ ਨਿਭਾਉਂਦੇ ਹੋਏ ਦੇਸ਼ ਦੀ ਰੱਖਿਆ ਕਰ ਰਹੇ ਹਨ।
ਪੰਜਾਬੀਆਂ ਦੇ ਪਿਆਰ ਨੇ ਦਿਲ ਜਿੱਤ ਲਿਆ
ਸਨੀਦ ਨੇ ਦੱਸਿਆ ਕਿ ਹੁਣ ਤੱਕ ਕਈ ਰਾਜਾਂ ਦੇ ਦੌਰੇ ਦੌਰਾਨ ਉਹ ਹਰ ਰੋਜ਼ 50 ਤੋਂ 60 ਕਿਲੋਮੀਟਰ ਸਾਈਕਲ ਚਲਾ ਕੇ ਮੰਦਰਾਂ ਅਤੇ ਗੁਰਦੁਆਰਿਆਂ ਵਿਚ ਰਾਤ ਕੱਟਦਾ ਹੈ। ਉਸ ਨੇ ਸੁਣਿਆ ਸੀ ਕਿ ਪੰਜਾਬੀਆਂ ਦਾ ਦਿਲ ਬਹੁਤ ਵੱਡਾ ਹੁੰਦਾ ਹੈ ਪਰ ਜਦੋਂ ਉਹ ਪੰਜਾਬ ਪਹੁੰਚਿਆ ਤਾਂ ਪੰਜਾਬੀਆਂ ਦੇ ਪਿਆਰ ਨੇ ਉਸ ਦਾ ਦਿਲ ਜਿੱਤ ਲਿਆ ਹੈ। ਉਸ ਨੇ ਜੋ ਵੀ ਪੜ੍ਹਿਆ ਸੁਣਿਆ ਸੀ, ਉਹ ਬਿਲਕੁੱਲ ਸੱਚ ਨਿਕਲਿਆ ਹੈ ਅਤੇ ਉਹ ਹਮੇਸ਼ਾ ਪੰਜਾਬੀਆਂ ਦੇ ਪਿਆਰ ਦਾ ਰਿਣੀ ਰਹੇਗਾ। ਸਨੀਦ ਨੇ ਕਿਹਾ ਕਿ ਮੈਂ ਥੋੜ੍ਹਾ ਦੁਖੀ ਹਾਂ ਕਿ ਨਸ਼ੇ ਨੇ ਇੱਥੇ ਵੀ ਆਪਣਾ ਪੈਰ ਪਸਾਰ ਲਏ ਹਨ ਅਤੇ ਬਹੁਤ ਸਾਰੇ ਨੌਜਵਾਨ ਇਸ ਦਲਦਲ ਵਿੱਚ ਫਸੇ ਹੋਏ ਹਨ। ਜਿਨ੍ਹਾਂ ਨੂੰ ਮੇਰੀ ਇੱਕੋ ਇੱਕ ਅਪੀਲ ਹੈ ਕਿ ਉਹ ਇਸ ਦਲਦਲ ਵਿੱਚੋਂ ਬਾਹਰ ਨਿਕਲ ਕੇ ਗੁਰੂਆਂ, ਪੀਰਾਂ ਅਤੇ ਬਹਾਦੁਰ ਯੋਧਿਆਂ ਦੀ ਧਰਤੀ ਦੇ ਗੌਰਵਮਈ ਇਤਿਹਾਸ ਦੀ ਸ਼ਾਨ ਨੂੰ ਵਧਾਉਣ।
ਨੌਜਵਾਨ ਪੀੜ੍ਹੀ ਨੂੰ ਸਨੀਦ ਦੇ ਜਜ਼ਬੇ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ : ਕੁੰਵਰ ਵਿੱਕੀ
ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪਰੀਸ਼ਦ ਦੇ ਜਨਰਲ ਸਕੱਤਰ ਕੁੰਵਰ ਰਵਿੰਦਰ ਸਿੰਘ ਵਿੱਕੀ ਨੇ ਕਿਹਾ ਕਿ ਨਸ਼ਿਆਂ ਦੀ ਆਦੀ ਹੋ ਚੁੱਕੀ ਨੌਜਵਾਨ ਪੀੜ੍ਹੀ ਨੂੰ ਸਨੀਦ ਦੇ ਜਜ਼ਬੇ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ ਕਿ ਜਿਸ ਉਮਰ ਵਿੱਚ ਉਹ ਨਸ਼ਿਆਂ ਦੇ ਜਾਲ ਵਿੱਚ ਫਸੇ ਹੋਏ ਹਨ, ਉਸ ਉਮਰ ਵਿੱਚ ਸਨੀਦ ਆਪਣੇ ਪਰਿਵਾਰ ਨੂੰ ਛੱਡ ਕੇ ਦੇਸ਼ ਦੇ ਦੌਰੇ ਤੇ ਨਿਕਲਿਆ ਹੋਇਆ ਹੈ ਅਤੇ ਕਿੰਨੀ ਮੁਸ਼ਕਲ ਨਾਲ ਇੱਕ ਪਹੀਏ ‘ਤੇ ਸਾਈਕਲ ਚਲਾ ਕੇ ਦੇਸ਼ ਨੂੰ ਜਾਗਰੁਕ ਕਰ ਰਿਹਾ ਹੈ।