Home Desh ਭਾਰਤ ਦਾ ਅਨਮੋਲ ਰਤਨ ਪੰਜ ਤੱਤਾਂ ‘ਚ ਵਿਲੀਨ, ਸ਼ਰਧਾਂਜਲੀ ਦੇਣ ਉਮੜਿਆ ਜਨ-ਸੈਲਾਬ

ਭਾਰਤ ਦਾ ਅਨਮੋਲ ਰਤਨ ਪੰਜ ਤੱਤਾਂ ‘ਚ ਵਿਲੀਨ, ਸ਼ਰਧਾਂਜਲੀ ਦੇਣ ਉਮੜਿਆ ਜਨ-ਸੈਲਾਬ

52
0

ਉੱਘੇ ਉਦਯੋਗਪਤੀ ਰਤਨ ਟਾਟਾ ਦੇ ਦੇਹਾਂਤ ਤੋਂ ਬਾਅਦ ਦੇਸ਼ ਭਰ ਵਿੱਚ ਸੋਗ ਦੀ ਲਹਿਰ ਹੈ।

 ਟਾਟਾ ਗਰੁੱਪ ਨੂੰ ਵਿਸ਼ਵ ਬਰਾਂਡ ਬਣਾਉਣ ਵਾਲੇ ਦਿੱਗਜ ਸਨਅਤਕਾਰ ਰਤਨ ਟਾਟਾ ਨੂੰ ਸ਼ਰਧਾਂਜਲੀ ਦੇਣ ਵੀਰਵਾਰ ਨੂੰ ਮੁੰਬਈ ’ਚ ਜਨਸੈਲਾਬ ਉਮੜ ਪਿਆ। ਸਿਆਸਤਦਾਨਾਂ ਤੇ ਕਾਰਪੋਰੇਟ ਜਗਤ ਦੀਆਂ ਹਸਤੀਆਂ ਸਮੇਤ ਵੱਖ-ਵੱਖ ਖੇਤਰਾਂ ਨਾਲ ਜੁੜੇ ਹਜ਼ਾਰਾਂ ਲੋਕਾਂ ਨੇ ਦੱਖਣੀ ਮੁੰਬਈ ਸਥਿਤ ਰਾਸ਼ਟਰੀ ਪ੍ਰਦਰਸ਼ਨ ਕਲਾ ਕੇਂਦਰ (ਐੱਨਸੀਪੀਏ) ਪਹੁੰਚ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਤਿਰੰਗੇ ’ਚ ਲਿਪਟੀ ਉਨ੍ਹਾਂ ਦੀ ਦੇਹ ਨੂੰ ਚਿੱਟੇ ਫੁੱਲਾਂ ਨਾਲ ਸਜੀ ਇਕ ਗੱਡੀ ’ਚ ਕੋਲਾਬਾ ਸਥਿਤ ਰਿਹਾਇਸ਼ ਤੋਂ ਐੱਨਸੀਪੀਏ ਲਿਆਂਦਾ ਗਿਆ। ਟਾਟਾ ਗਰੁੱਪ ਦੇ ਆਨਰੇਰੀ ਚੇਅਰਮੈਨ ਰਤਨ ਟਾਟਾ ਦਾ ਬੁੱਧਵਾਰ ਰਾਤ 86 ਸਾਲਾਂ ਦੀ ਉਮਰ ’ਚ ਬ੍ਰੀਚ ਕੈਂਡੀ ਹਸਪਤਾਲ ’ਚ ਦੇਹਾਂਤ ਹੋ ਗਿਆ ਸੀ। ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਸੁਣ ਕੇ ਹਸਪਤਾਲ ਪਹੁੰਚਣ ਵਾਲੇ ਲੋਕਾਂ ’ਚ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ, ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ, ਸਿੱਖਿਆ ਮੰਤਰੀ ਦੀਪਕ ਕੇਸਰਕਰ ਤੇ ਸਨਅਤਕਾਰ ਮੁਕੇਸ਼ ਅੰਬਾਨੀ ਸ਼ਾਮਲ ਸਨ।
ਗ੍ਰਹਿ ਮੰਤਰੀ ਅਮਿਤ ਸ਼ਾਹ, ਉਪ ਮੁੱਖ ਮੰਤਰੀ ਅਜੀਤ ਪਵਾਰ, ਐੱਨਸੀਪੀ (ਸ਼ਰਦ ਪਵਾਰ) ਦੇ ਪ੍ਰਧਾਨ ਸ਼ਰਦ ਪਵਾਰ, ਉਨ੍ਹਾਂ ਦੀ ਸੰਸਦ ਮੈਂਬਰ ਬੇਟੀ ਸੁਪਰਿਆ ਸੁਲੇ, ਸ਼ਿਵ ਸੈਨਾ (ਯੂਬੀਟੀ) ਦੇ ਪ੍ਰਧਾਨ ਊਧਵ ਠਾਕਰੇ, ਮਨਸੇ ਦੇ ਪ੍ਰਧਾਨ ਰਾਜ ਠਾਕਰੇ, ਸਾਬਕਾ ਮੁੱਖ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਤੇ ਪਿ੍ਥਵੀ ਰਾਜ ਚਵਾਨ, ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਾਨਾ ਪਟੋਲੇ ਤੇ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਐੱਨਸੀਪੀਏ ਪਹੁੰਚ ਕੇ ਭਾਰਤ ਦੇ ਅਨਮੋਲ ਰਤਨ ਨੂੰ ਸ਼ਰਧਾਂਜਲੀ ਦਿੱਤੀ।
ਆਦਿੱਤਿਆ ਬਿਰਲਾ ਗਰੁੱਪ ਦੇ ਚੇਅਰਮੈਨ ਕੁਮਾਰ ਮੰਗਲਮ ਬਿਰਲਾ, ਵਿੱਤੀ ਖੇਤਰ ਦੇ ਦਿੱਗਜ ਦੀਪਕ ਪਾਰਿਖ ਸਮੇਤ ਪੀਰਾਮਲ, ਗੋਦਰੇਜ, ਹਿੰਦੂਜਾ, ਮਹਿੰਦਰਾ, ਬਜਾਜ ਵਰਗੇ ਪ੍ਰਮੁੱਖ ਵਪਾਰਕ ਘਰਾਣਿਆਂ ਦੇ ਮੁਖੀ ਤੇ ਉਨ੍ਹਾਂ ਦੇ ਨੁਮਾਇੰਦਿਆਂ ਨੇ ਵੀ ਵਪਾਰਕ ਜਗਤ ਦੇ ਮਰਹੂਮ ਸਿਤਾਰੇ ਨੂੰ ਸ਼ਰਧਾਂਜਲੀ ਭੇਟ ਕੀਤੀ। ਮਹਾਰਾਸ਼ਟਰ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਵਿਜੇ ਵਡਟੀਵਾਰ, ਵਿਧਾਨ ਸਭਾ ਦੇ ਸਪੀਕਰ ਰਾਹੁਲ ਨਾਰਵੇਕਰ ਤੇ ਵੰਚਿਤ ਬਹੁਜਨ ਆਘਾੜੀ ਦੇ ਪ੍ਰਧਾਨ ਪ੍ਰਕਾਸ਼ ਅੰਬੇਡਕਰ ਨੇ ਵੀ ਐੱਨਸੀਪੀਏ ਪਹੁੰਚ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਟਾਟਾ ਗਰੁੱਪ ਦੇ ਮੁਲਾਜ਼ਮ ਤੇ ਸੀਨੀਅਰ ਅਧਿਕਾਰੀ ਵੀ ਸ਼ਰਧਾਂਜਲੀ ਦੇਣ ਲਈ ਮੌਜੂਦ ਸਨ।
ਰਤਨ ਟਾਟਾ ਦੀ ਦੇਹ ਨੂੰ ਐੱਨਸੀਪੀਏ ਲਿਆਂਦੇ ਜਾਣ ਤੋਂ ਪਹਿਲਾਂ ਹੀ ਵੱਡੀ ਗਿਣਤੀ ’ਚ ਲੋਕ ਕਤਾਰਾਂ ’ਚ ਖੜ੍ਹੇ ਹੋ ਕੇ ਉਸ ਵਿਅਕਤੀ ਦਾ ਅੰਤਿਮ ਦਰਸ਼ਨ ਪਾਉਣ ਲਈ ਇੰਤਜ਼ਾਰ ਕਰ ਰਹੇ ਸਨ, ਜਿਨ੍ਹਾਂ ਲਈ ਉਨ੍ਹਾਂ ਦੇ ਦਿਲਾਂ ’ਚ ਅਪਾਰ ਸਨਮਾਨ ਸੀ। ਐੱਨਸੀਪੀਏ ’ਚ ਵੱਡੀ ਗਿਣਤੀ ’ਚ ਲੋਕਾਂ ਦੇ ਇਕੱਠੇ ਹੋਣ ਦੀ ਸੰਭਾਵਨਾ ਨੂੰ ਦੇਖਦੇ ਹੋਏ ਮੁੰਬਈ ਪੁਲਿਸ ਨੇ ਪਹਿਲਾਂ ਹੀ ਸੁਰੱਖਿਆ ਵਿਵਸਥਾ ਕਰੜੀ ਕਰ ਦਿੱਤੀ ਤੇ ਨਰੀਮਨ ਪੁਆਇੰਟ ਦੇ ਕੁਝ ਹਿੱਸਿਆਂ ’ਚ ਟ੍ਰੈਫਿਕ ਬੰਦ ਵੀ ਕਰ ਦਿੱਤੀ।
ਰਤਨ ਟਾਟਾ ਦੇ ਕੋਲਾਬਾ ਸਥਿਤ ਨਿਵਾਸ ਤੋਂ ਅੰਤਿਮ ਯਾਤਰਾ ਸ਼ੁਰੂ ਹੋਣ ਤੋਂ ਪਹਿਲਾਂ ਮੁੰਬਈ ਪੁਲਿਸ ਦੇ ਬੈਂਡ ਨੇ ਉਨ੍ਹਾਂ ਦੇ ਸਨਮਾਨ ’ਚ ਧੁਨ ਵਜਾਈ। ਸਵੇਰ ਤੋਂ ਹੀ ਕਈ ਲੋਕ ਸ਼ਰਧਾਂਜਲੀ ਦੇਣ ਲਈ ਉਨ੍ਹਾਂ ਦੇ ਘਰ ਦੇ ਬਾਹਰ ਇਕੱਠੇ ਹੋ ਗਏ ਸਨ। ਕਿ੍ਕਟ ਦੇ ਦਿੱਗਜ ਸਚਿਨ ਤੇਂਦੁਲਕਰ ਰਤਨ ਟਾਟਾ ਦੇ ਘਰ ’ਤੇ ਸਭ ਤੋਂ ਪਹਿਲਾਂ ਪਹੁੰਚਣ ਵਾਲਿਆਂ ’ਚ ਸ਼ਾਮਲ ਸਨ। ਮਹਾਰਾਸ਼ਟਰ, ਗੁਜਰਾਤ ਤੇ ਝਾਰਖੰਡ ਦੀਆਂ ਸਰਕਾਰਾਂ ਨੇ ਰਤਨ ਟਾਟਾ ਦੇ ਸਨਮਾਨ ’ਚ ਵੀਰਵਾਰ ਨੂੰ ਸਰਕਾਰੀ ਸੋਗ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਸ਼ਿੰਦੇ ਦੇ ਹਵਾਲੇ ਤੋਂ ਇਕ ਬਿਆਨ ’ਚ ਕਿਹਾ ਗਿਆ ਕਿ ਮਹਾਰਾਸ਼ਟਰ ’ਚ ਸਰਕਾਰੀ ਦਫਤਰਾਂ ’ਤੇ ਤਿਰੰਗਾ ਅੱਧਾ ਝੁਕਿਆ ਰਹੇਗਾ। ਸੈਂਡ ਆਰਟਿਸਟ ਸੁਦਰਸ਼ਨ ਪਟਨਾਇਕ ਨੇ ਟਾਟਾ ਨੂੰ ਸ਼ਰਧਾਂਜਲੀ ਦੇਣ ਲਈ ਪੁਰੀ ’ਚ ਸਮੁੰਦਰ ਤੱਟ ’ਤੇ ਰੇਤ ਨਾਲ ਉਨ੍ਹਾਂ ਦੀ ਤਸਵੀਰ ਉਕੇਰੀ।

ਸਰਕਾਰੀ ਸਨਮਾਨ ਦੇ ਨਾਲ ਹੋਇਆ ਅੰਤਿਮ ਸੰਸਕਾਰ, ਸ਼ਾਹ ਸਮੇਤ ਕਈ ਖੇਤਰਾਂ ਨਾਲ ਜੁੜੇ ਲੋਕ ਰਹੇ ਹਾਜ਼ਰ

ਮਸ਼ਹੂਰ ਸਨਅਤਕਾਰ ਰਤਨ ਟਾਟਾ ਦਾ ਵੀਰਵਾਰ ਸ਼ਾਮ ਨੂੰ ਵਰਲੀ ਸਥਿਤ ਸ਼ਮਸ਼ਾਨਘਾਟ ’ਚ ਪੂਰੇ ਸਰਕਾਰੀ ਸਨਮਾਨ ਨਾਲ ਸਸਕਾਰ ਕਰ ਦਿੱਤਾ ਗਿਆ। ਇਸ ਮੌਕੇ ’ਤੇ ਗ੍ਰਹਿ ਮੰਤਰੀ ਅਮਿਤ ਸ਼ਾਹ, ਉਨ੍ਹਾਂ ਦੇ ਕੈਬਨਿਟ ਸਹਿਯੋਗੀ ਪੀਯੂਸ਼ ਗੋਇਲ, ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਹਾਜ਼ਰ ਸਨ। ਰਤਨ ਟਾਟਾ ਦੇ ਪਰਿਵਾਰ ਦੇ ਮੈਂਬਰ, ਉਨ੍ਹਾਂ ਦੇ ਮਤਰੇਏ ਭਰਾ ਨੋਏਲ ਟਾਟਾ ਤੇ ਟਾਟਾ ਗਰੁੱਪ ਦੇ ਚੇਅਰਮੈਨ ਐੱਨ ਚੰਦਰਸ਼ੇਖਰਨ ਸਮੇਤ ਕੰਪਨੀ ਦੇ ਸੀਨੀਅਰ ਅਧਿਕਾਰੀਆਂ ਤੇ ਕਈ ਖੇਤਰਾਂ ਨਾਲ ਜੁੜੇ ਲੋਕਾਂ ਨੇ ਉਨ੍ਹਾਂ ਨੂੰ ਅੰਤਿਮ ਵਿਦਾਈ ਦਿੱਤੀ। ਸਸਕਾਰ ’ਚ ਸ਼ਾਮਲ ਇਕ ਪੁਜਾਰੀ ਨੇ ਕਿਹਾ ਕਿ ਅਗਲੇ ਤਿੰਨ ਦਿਨਾਂ ਤੱਕ ਕੋਲਾਬਾ ਸਥਿਤ ਮਰਹੂਮ ਸਨਅਤਕਾਰ ਦੇ ਬੰਗਲੇ ’ਚ ਅਨੁਸ਼ਠਾਨ ਕੀਤੇ ਜਾਣਗੇ।
Previous articleHarry Brook ਨੇ ਲਗਾਇਆ ਆਪਣੇ ਕਰੀਅਰ ਦਾ ਪਹਿਲਾ ਤੀਹਰਾ ਸੈਂਕੜਾ, ਪਾਕਿਸਤਾਨ ‘ਚ ਕੀਤੀ ਵਿਸ਼ਵ ਰਿਕਾਰਡ ਦੀ ਬਰਾਬਰੀ
Next articleਹੇਮਕੁੰਟ ਸਾਹਿਬ ਤੇ ਲੋਕਪਾਲ ਲਕਸ਼ਮਣ ਮੰਦਿਰ ਦੇ ਕਿਵਾੜ ਸਰਦੀਆਂ ਲਈ ਬੰਦ, 2500 ਤੋਂ ਵੱਧ ਸ਼ਰਧਾਲੂ ਰਹੇ ਹਾਜ਼ਰ

LEAVE A REPLY

Please enter your comment!
Please enter your name here