Home Desh Ratan Tata: ਹਰ ਸ਼ਖ਼ਸ ਲਈ ਪ੍ਰੇਰਨਾਸਰੋਤ ਹੈ ਰਤਨ ਟਾਟਾ ਦੀ ਜ਼ਿੰਦਗੀ

Ratan Tata: ਹਰ ਸ਼ਖ਼ਸ ਲਈ ਪ੍ਰੇਰਨਾਸਰੋਤ ਹੈ ਰਤਨ ਟਾਟਾ ਦੀ ਜ਼ਿੰਦਗੀ

28
0

ਵਪਾਰ ਦੀ ਦੁਨੀਆ ’ਚ ਆਪਣੀ ਧਾਕ ਜਮਾਉਣ ਵਾਲੇ ਰਤਨ ਟਾਟਾ (Ratan Tata) ਹੁਣ ਇਸ ਦੁਨੀਆ ’ਚ ਨਹੀਂ ਰਹੇ।

ਵਪਾਰ ਦੀ ਦੁਨੀਆ ’ਚ ਆਪਣੀ ਧਾਕ ਜਮਾਉਣ ਵਾਲੇ ਰਤਨ ਟਾਟਾ (Ratan Tata) ਹੁਣ ਇਸ ਦੁਨੀਆ ’ਚ ਨਹੀਂ ਰਹੇ। ਬੁੱਧਵਾਰ ਦੇਰ ਰਾਤ ਉਨ੍ਹਾਂ ਦਾ ਦੇਹਾਂਤ ਹੋਇਆ। ਭਾਰਤ ਦੇ ਦੂਜੇ ਸਭ ਤੋਂ ਵੱਡੇ ਸਨਮਾਨ ਪਦਮ ਵਿਭੂਸ਼ਣ (Padma Vibhushan) ਨਾਲ ਸਨਮਾਨਿਤ ਰਤਨ ਟਾਟਾ ਦੀ ਮੌਤ ਨਾਲ ਪੂਰੇ ਦੇਸ਼ ਨੂੰ ਵੱਡਾ ਸਦਮਾ ਲੱਗਿਆ ਹੈ। ਉਨ੍ਹਾਂ ਦਾ ਪੂਰਾ ਜੀਵਨ ਲੋਕਾਂ ਲਈ ਪ੍ਰੇਰਨਾਸਰੋਤ ਰਿਹਾ ਹੈ। ਕਰੋੜਾਂ ਦਾ ਮਾਲਕ ਹੋਣ ਦੇ ਬਾਵਜੂਦ ਉਹ ਹਮੇਸ਼ਾ ਸਾਦਾ ਜੀਵਨ ਬਤੀਤ ਕਰਦੇ ਸਨ। ਉਨ੍ਹਾਂ ਨੇ ਆਪਣੀ ਜ਼ਿੰਦਗੀ ’ਚ ਕਈ ਅਜਿਹੇ ਕੰਮ ਕੀਤੇ, ਜਿਨ੍ਹਾਂ ਕਰਕੇ ਉਨ੍ਹਾਂ ਨੂੰ ਮਰਨ ਤੋਂ ਬਾਅਦ ਵੀ ਹਮੇਸ਼ਾ ਯਾਦ ਰੱਖਿਆ ਜਾਵੇਗਾ। ਉਹ ਦਿਆਲੂ ਤੇ ਸਾਦੇ ਸੁਭਾਅ ਵਾਲੇ ਵਿਅਕਤੀ ਸਨ। ਹਾਲਾਂਕਿ ਉਨ੍ਹਾਂ ਨੇ ਆਪਣੀ ਪੂਰੀ ਜ਼ਿੰਦਗੀ ਇਕੱਲਿਆਂ ਬਿਤਾਈ।
100 ਤੋਂ ਵੱਧ ਦੇਸ਼ਾਂ ’ਚ ਫੈਲਾਇਆ ਟਾਟਾ ਗਰੁੱਪ
ਰਤਨ ਟਾਟਾ ਦਾ ਜਨਮ 28 ਦਸੰਬਰ 1937 ਨੂੰ ਮੁੰਬਈ ਵਿਚ ਹੋਇਆ। ਉਨ੍ਹਾਂ ਨੇ ਆਪਣੀ ਮੁੱਢਲੀ ਸਿੱਖਿਆ ਮੁੰਬਈ ’ਚ ਕੀਤੀ ਅਤੇ ਉਸ ਤੋਂ ਬਾਅਦ ਸ਼ਿਮਲਾ ਦੇ ਬਿਸ਼ਪ ਕਾਟਨ ਸਕੂਲ ਵਿਚ ਪੜ੍ਹਾਈ ਕੀਤੀ। ਅਗਲੀ ਪੜ੍ਹਾਈ ਕਾਰਨੇਲ ਯੂਨੀਵਰਸਿਟੀ ਤੇ ਹਾਰਵਰਡ ਬਿਜ਼ਨਸ ਸਕੂਲ ਤੋਂ ਕੀਤੀ। ਇਸ ਤੋਂ ਬਾਅਦ 1991 ਵਿਚ ਉਹ ਟਾਟਾ ਸੰਨਜ਼ ਅਤੇ ਟਾਟਾ ਗਰੁੱਪ ਦੇ ਚੇਅਰਮੈਨ ਬਣੇ। ਉਨ੍ਹਾਂ ਨੇ ਟਾਟਾ ਗਰੁੱਪ ਨੂੰ ਨਵੀਆਂ ਉਚਾਈਆਂ ’ਤੇ ਲੈ ਪਹੁੰਚਾਇਆ ਤੇ 100 ਤੋਂ ਵੱਧ ਦੇਸ਼ਾਂ ’ਚ ਟਾਟਾ ਗਰੁੱਪ (Tata Group) ਨੂੰ ਫੈਲਾਇਆ।
ਬਚਪਨ ’ਚ ਅਲੱਗ ਹੋ ਗਏ ਸੀ ਮਾਤਾ-ਪਿਤਾ
ਉਨ੍ਹਾਂ ਦਾ ਬਚਪਨ ਖ਼ੁਸ਼ਹਾਲ ਸੀ ਪਰ ਜਿਵੇਂ-ਜਿਵੇਂ ਉਹ ਤੇ ਉਨ੍ਹਾਂ ਦੇ ਭਰਾ ਵੱਡੇ ਹੋਏ, ਉਨ੍ਹਾਂ ਨੂੰ ਆਪਣੇ ਮਾਪਿਆਂ ਦੇ ਤਲਾਕ ਕਾਰਨ ਨਿੱਜੀ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ, ਜੋ ਉਨ੍ਹੀਂ ਦਿਨੀਂ ਅੱਜ ਵਾਂਗ ਆਮ ਨਹੀਂ ਸੀ। ਜਦੋਂ ਰਤਨ ਟਾਟਾ ਛੋਟੇ ਸਨ ਤਾਂ ਉਨ੍ਹਾਂ ਦੇ ਮਾਤਾ-ਪਿਤਾ ਨਵਲ ਟਾਟਾ ਤੇ ਸੁਨੀ ਇਕ-ਦੂਜੇ ਤੋਂ ਅਲੱਗ ਹੋ ਗਏ ਸਨ ਤੇ ਇਸ ਤੋਂ ਬਾਅਦ ਉਨ੍ਹਾਂ ਦਾ ਪਾਲਣ-ਪੋਸ਼ਣ ਦਾਦੀ ਨਵਾਜ਼ਬਾਈ ਨੇ ਕੀਤਾ।
ਪਿਤਾ ਨਾਲ ਰਿਹਾ ਮਤਭੇਦ
ਉਨ੍ਹਾਂ ਦਾ ਆਪਣੇ ਪਿਤਾ ਨਾਲ ਅਕਸਰ ਵਿਚਾਰਕ ਮਤਭੇਦ ਰਹਿੰਦਾ ਸੀ। ਉਹ ਅਮਰੀਕਾ ’ਚ ਕਾਲਜ ਜਾਣਾ ਚਾਹੁੰਦੇ ਸੀ ਪਰ ਉਨ੍ਹਾਂ ਦੇ ਪਿਤਾ ਨੇ ਯੂਕੇ ਜਾਣ ਲਈ ਜ਼ੋਰ ਪਾਇਆ। ਉਹ ਆਰਕੀਟੈਕਟ ਬਣਨਾ ਚਾਹੁੰਦਾ ਸੀ ਪਰ ਪਿਤਾ ਜੀ ਉਸ ਨੂੰ ਇੰਜੀਨੀਅਰ ਬਣਨ ’ਤੇ ਜ਼ੋਰ ਦਿੰਦੇ ਸਨ। ਉਨ੍ਹਾਂ ਦੀ ਦਾਦੀ ਨੇ ਹਮੇਸ਼ਾ ਉਸ ਨੂੰ ਇਹੀ ਸਿਖਾਇਆ ਕਿ ਬੋਲਣ ਦੀ ਹਿੰਮਤ ਨਰਮ ਅਤੇ ਸਨਮਾਨਜਨਕ ਵੀ ਹੋ ਸਕਦੀ ਹੈ।
ਆਖ਼ਰੀ ਪ੍ਰਾਜੈਕਟ ਮੁੰਬਈ ’ਚ ਜਾਨਵਰਾਂ ਲਈ ਹਸਪਤਾਲ ਬਣਾਉਣਾ
ਰਤਨ ਟਾਟਾ (Ratan Tata) ਦੀ ਜ਼ਿੰਦਗੀ ਨੂੰ ਸ਼ਬਦਾਂ ’ਚ ਬਿਆਨ ਕਰਨਾ ਸੌਖਾ ਨਹੀਂ ਹੈ। ਉਹ ਮਹਾਨ ਸ਼ਖ਼ਸੀਅਤ ਸਨ, ਜਿਨ੍ਹਾਂ ਨੇ ਦੇਸ਼ ਦਾ ਨਾਂ ਰੌਸ਼ਨ ਕਰਨ ਲਈ ਕਈ ਕੰਮ ਕੀਤੇ। ਜਾਨਵਰਾਂ ਨੂੰ ਉਹ ਬਹੁਤ ਪਿਆਰ ਕਰਦੇ ਸਨ ਤੇ ਇਸ ਲਈ ਉਨ੍ਹਾਂ ਨੇ ਬਹੁਤ ਸਾਰੇ ਕੰਮ ਕੀਤੇ। ਉਨ੍ਹਾਂ ਦਾ ਜੀਵਨ ਹਰ ਵਿਅਕਤੀ ਲਈ ਪ੍ਰੇਰਨਾਸਰੋਤ ਬਣ ਸਕਦਾ ਹੈ। ਉਹ ਸਿਖਲਾਈ ਪ੍ਰਾਪਤ ਪਾਇਲਟ ਵੀ ਸਨ। ਉਨ੍ਹਾਂ ਨੂੰ 2000 ਵਿਚ ਭਾਰਤ ਦੇ ਤੀਸਰੇ ਸਭ ਤੋਂ ਵੱਡੇ ਸਨਮਾਨ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਅਤੇ 2008 ਵਿਚ ਭਾਰਤ ਦੇ ਦੂਜੇ ਸਭ ਤੋਂ ਵੱਡੇ ਸਨਮਾਨ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ। ਉਨ੍ਹਾਂ ਦਾ ਆਖ਼ਰੀ ਪ੍ਰਾਜੈਕਟ ਮੁੰਬਈ ’ਚ ਜਾਨਵਰਾਂ ਲਈ ਹਸਪਤਾਲ ਬਣਾਉਣਾ ਸੀ। ਉਹ ਜਾਨਵਰਾਂ ਨੂੰ ਬਹੁਤ ਪਿਆਰ ਕਰਦੇ ਸਨ। ਇਕ ਵਾਰ ਉਨ੍ਹਾਂ ਨੂੰ ਇੰਗਲੈਂਡ ਵਿਚ ਕਿੰਗ ਚਾਰਲਸ ਵੱਲੋਂ ਲਾਈਫਟਾਈਮ ਅਚੀਵਮੈਂਟ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਣਾ ਸੀ ਪਰ ਉਹ ਆਪਣੇ ਬਿਮਾਰ ਪਾਲਤੂ ਕੁੱਤੇ ਦੀ ਦੇਖਭਾਲ ਕਰਨ ਕਰਕੇ ਇਸ ਸਮਾਰੋਹ ’ਚ ਸ਼ਾਮਿਲ ਨਹੀਂ ਹੋ ਸਕੇ ਸਨ।
ਆਖ਼ਰੀ ਸੋਸ਼ਲ ਮੀਡੀਆ ਪੋਸਟ
9 ਅਕਤੂਬਰ ਨੂੰ ਦੇਰ ਸ਼ਾਮ ਮੀਡੀਆ ਰਿਪੋਰਟਾਂ ਆਈਆਂ ਕਿ ਰਤਨ ਟਾਟਾ ਦੀ ਤਬੀਅਤ ਵਿਗੜਨ ਕਾਰਨ ਉਨ੍ਹਾਂ ਨੂੰ ਆਈਸੀਯੂ ਵਿਚ ਭਰਤੀ ਕਰਵਾਇਆ ਗਿਆ ਹੈ। ਇਸ ਤੋਂ ਬਾਅਦ ਟਾਟਾ ਗਰੁੱਪ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਉਨ੍ਹਾਂ ਦੇ ਮਾਨਦ ਚੇਅਰਮੈਨ ਦਾ ਦੇਹਾਂਤ ਹੋ ਗਿਆ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਐਕਸ ’ਤੇ ਪੋਸਟ ਕਰਦਿਆਂ ਕਿਹਾ ਸੀ ਕਿ ਮੇਰੇ ਬਾਰੇ ਚਿੰਤਾ ਕਰਨ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ। ਮੈਂ ਆਪਣੀ ਸਿਹਤ ਨੂੰ ਲੈ ਕੇ ਚੱਲ ਰਹੀਆਂ ਅਫ਼ਵਾਹਾਂ ਤੋਂ ਜਾਣੂ ਹਾਂ ਤੇ ਤੁਹਾਨੂੰ ਯਕੀਨ ਦਿਵਾਉਣਾ ਚਾਹੁੰਦਾ ਹਾਂ ਕਿ ਇਹ ਦਾਅਵੇ ਬੇਬੁਨਿਆਦ ਹਨ। ਫਿਲਹਾਲ ਉਮਰ ਨਾਲ ਸਬੰਧਿਤ ਸਮੱਸਿਆਵਾਂ ਕਰਕੇ ਮੈਂ ਜ਼ਰੂਰੀ ਡਾਕਟਰੀ ਜਾਂਚ ਕਰਵਾ ਰਿਹਾ ਹਾਂ। ਚਿੰਤਾ ਕਰਨ ਦੀ ਕੋਈ ਗੱਲ ਨਹੀਂ ਹੈ। ਮੈਂ ਚੰਗੇ ਮੂਡ ਵਿਚ ਹਾਂ ਅਤੇ ਬੇਨਤੀ ਕਰਦਾ ਹਾਂ ਕਿ ਕਿਸੇ ਵੀ ਤਰ੍ਹਾਂ ਦੀ ਗ਼ਲਤ ਜਾਣਕਾਰੀ ਫੈਲਾਉਣ ਤੋਂ ਬਚੋ। ਆਪਣੀ ਮਿਹਨਤ ਤੇ ਕਾਬਲੀਅਤ ਦੇ ਜ਼ੋਰ ’ਤੇ ਵਿਸ਼ਾਲ ਸਾਮਰਾਜ ਖੜ੍ਹਾ ਕਰਨ ਵਾਲੇ ਰਤਨ ਟਾਟਾ ਭਾਰਤ ਰਤਨ ਦੇ ਸੱਚੇ ਹੱਕਦਾਰ ਹਨ।
ਪ੍ਰੇਰਨਾਦਾਇਕ ਗੱਲਾਂ
– ਤੁਹਾਡੀ ਗ਼ਲਤੀ ਸਿਰਫ਼ ਤੁਹਾਡੀ ਹੈ। ਤੁਹਾਡੀ ਅਸਫਲਤਾ ਸਿਰਫ਼ ਤੁਹਾਡੀ ਹੈ, ਇਸ ਦਾ ਕਿਸੇ ਨੂੰ ਦੋਸ਼ ਨਾ ਦਿਉ। ਆਪਣੀ ਗ਼ਲਤੀ ਤੋਂ ਸਿੱਖੋ ਤੇ ਜ਼ਿੰਦਗੀ ਵਿਚ ਅੱਗੇ ਵਧੋ।
– ਤੁਹਾਡੀ ਜ਼ਿੰਦਗੀ ਉਤਰਾਅ-ਚੜ੍ਹਾਅ ਨਾਲ ਭਰੀ ਹੋਈ ਹੈ, ਇਸ ਦੀ ਆਦਤ ਬਣਾ ਲਵੋ।
– ਟੀਵੀ ਦਾ ਜੀਵਨ ਅਸਲ ਨਹੀਂ ਹੈ ਤੇ ਨਾ ਹੀ ਜ਼ਿੰਦਗੀ ਟੀਵੀ ਸੀਰੀਅਲ ਵਾਂਗ ਹੁੰਦੀ ਹੈ। ਅਸਲ ਜ਼ਿੰਦਗੀ ’ਚ ਆਰਾਮ ਨਹੀਂ ਹੁੰਦਾ, ਸਿਰਫ਼ ਕੰਮ ਹੁੰਦਾ ਹੈ।
– ਦੂਜਿਆਂ ਦੀ ਨਕਲ ਕਰਨ ਵਾਲੇ ਵਿਅਕਤੀ ਥੋੜ੍ਹੇ ਸਮੇਂ ਲਈ ਸਫਲਤਾ ਤਾਂ ਹਾਸਿਲ ਕਰ ਸਕਦੇ ਹਨ ਪਰ ਉਹ ਜ਼ਿੰਦਗੀ ’ਚ ਜ਼ਿਆਦਾ ਤਰੱਕੀ ਨਹੀਂ ਕਰ ਸਕਦੇ।
– ਤਸੱਲੀ ਦੇ ਇਨਾਮ ਸਿਰਫ਼ ਸਕੂਲਾਂ ’ਚ ਹੀ ਦੇਖਣ ਨੂੰ ਮਿਲਦੇ ਹਨ। ਸਕੂਲ ’ਚ ਤੁਸੀਂ ਪਾਸ ਹੋਣ ਤਕ ਪ੍ਰੀਖਿਆ ਦੇ ਸਕਦੇ ਹੋ ਪਰ ਬਾਹਰਲੀ ਦੁਨੀਆ ਦੇ ਨਿਯਮ ਅਲੱਗ ਹਨ, ਉੱਥੇ ਹਾਰਨ ਵਾਲਿਆਂ ਨੂੰ ਦੂਜਾ ਮੌਕਾ ਨਹੀਂ ਮਿਲਦਾ।
– ਮੈਂ ਸਹੀ ਫ਼ੈਸਲੇ ਲੈਣ ’ਚ ਵਿਸ਼ਵਾਸ ਨਹੀਂ ਰੱਖਦਾ। ਮੈਂ ਫ਼ੈਸਲੇ ਲੈਂਦਾ ਹਾਂ ਤੇ ਫਿਰ ਉਨ੍ਹਾਂ ਨੂੰ ਸਹੀ ਸਾਬਿਤ ਕਰਦਾ ਹਾਂ।
ਅਸੀਂ ਇਨਸਾਨ ਹਾਂ, ਕੋਈ ਕੰਪਿਊਟਰ ਨਹੀਂ। ਇਸ ਲਈ ਜ਼ਿੰਦਗੀ ਦਾ ਆਨੰਦ ਮਾਣੋ, ਇਸ ਨੂੰ ਹਮੇਸ਼ਾ ਗੰਭੀਰ ਨਾ ਬਣਾਓ।
– ਚੰਗੀ ਪੜ੍ਹਾਈ ਕਰਨ ਵਾਲੇ ਤੇ ਸਖ਼ਤ ਮਿਹਨਤ ਕਰਨ ਵਾਲੇ ਆਪਣੇ ਦੋਸਤਾਂ ਦਾ ਮ਼ਜ਼ਾਕ ਨਾ ਬਣਾਓ। ਇਕ ਸਮਾਂ ਅਜਿਹਾ ਆ ਸਕਦਾ, ਜਦੋਂ ਤੁਹਾਨੂੰ ਉਨ੍ਹਾਂ ਅਧੀਨ ਕੰਮ ਕਰਨਾ ਪੈ ਸਕਦਾ ਹੈ।
– ਜੇ ਲੋਕ ਤੁਹਾਡੇ ’ਤੇ ਪੱਥਰ ਸੁੱਟਦੇ ਹਨ, ਤਾਂ ਉਨ੍ਹਾਂ ਪੱਥਰਾਂ ਦੀ ਵਰਤੋਂ ਆਪਣੇ ਮਹਿਲ ਬਣਾਉਣ ਲਈ ਕਰੋ।
– ਤੁਸੀਂ ਹਮੇਸ਼ਾ ਜਿਸ ਚੀਜ਼ ਨੂੰ ਸਹੀ ਮੰਨਦੇ ਹੋ, ਉਸ ਨਾਲ ਡਟ ਕੇ ਖੜ੍ਹੇ ਰਹੋ ਤੇ ਜਿੱਥੋਂ ਤਕ ਸੰਭਵ ਹੋ ਸਕੇ, ਨਿਰਪੱਖ ਰਹੋ।
Previous articleShambhu Border: ਹਰਿਆਣਾ-ਪੰਜਾਬ ਬਾਰਡਰ ਬੰਦ ਨੂੰ 8 ਮਹੀਨੇ ਪੂਰੇ, ਅਰਬਾਂ ਦਾ ਨੁਕਸਾਨ; ਟਰਾਲੀਆਂ ਬਣੀਆਂ ਰੈਣ-ਬਸੇਰਾ
Next articleਮੁੜ ਤੋਂ ਮਹਿੰਗਾ ਹੋਵੇਗਾ ਰੀਚਾਰਜ! ਇਹ ਕੰਪਨੀਆਂ ਵਧਾ ਸਕਦੀਆਂ ਹਨ ਕੀਮਤਾਂ;ਜਾਣੋ ਕੀ ਹੈ Solution?

LEAVE A REPLY

Please enter your comment!
Please enter your name here