ਕੋਚਿੰਗ ਸੰਚਾਲਕ ਤੋਂ 50 ਲੱਖ ਰੁਪਏ ਦੀ ਫਿਰੌਤੀ ਮੰਗਣ ਵਾਲੇ ਬਦਮਾਸ਼ਾਂ ਨਾਲ ਇਹ ਮੁਕਾਬਲਾ ਹੋਇਆ ਹੈ।
ਡੇਰਾਬਸਸੀ ਨੇੜੇ ਇਕ ਰੇਲਵੇ ਫਾਟਕ ਹੇਠਾਂ ਪੁਲਿਸ ਅਤੇ ਬਦਮਾਸ਼ਾਂ ਵਿਚਕਾਰ ਮੁਕਾਬਲਾ ਹੋਇਆ ਜਿਸ ਵਿਚ ਦੋ ਬਦਮਾਸ਼ ਜ਼ਖਮੀ ਹੋ ਗਏ। ਹਾਲਾਂਕਿ, ਇਸ ਮਾਮਲੇ ‘ਚ ਪੁਲਿਸ ਵੱਲੋਂ ਅਜੇ ਤਕ ਕੋਈ ਜਾਣਕਾਰੀ ਮੁਹੱਈਆ ਨਹੀਂ ਕਰਵਾਈ ਗਈ ਹੈ।
ਪੁਲਿਸ ਸਰੋਤਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਤਿੰਨ ਦਿਨ ਪਹਿਲਾਂ ਇਕ ਕੋਚਿੰਗ ਸੰਚਾਲਕ ਤੋਂ 50 ਲੱਖ ਰੁਪਏ ਦੀ ਫਿਰੌਤੀ ਮੰਗਣ ਵਾਲੇ ਬਦਮਾਸ਼ਾਂ ਨਾਲ ਇਹ ਮੁਕਾਬਲਾ ਹੋਇਆ ਹੈ। ਇਸ ਕੋਚਿੰਗ ਸੰਚਾਲਕ ਤੋਂ 6 ਮਹੀਨੇ ਪਹਿਲਾਂ ਵੀ ਇਕ ਚਿੱਠੀ ਸੁੱਟ ਕੇ ਇਕ ਕਰੋੜ ਰੁਪਏ ਦੀ ਫਿਰੌਤੀ ਮੰਗੀ ਗਈ ਸੀ।
ਮੂੰਹ ਢਕ ਕੇ ਆਏ ਇਕ ਨੌਜਵਾਨ ਵੱਲੋਂ 50 ਲੱਖ ਦੀ ਫਿਰੌਤੀ ਮੰਗੀ ਗਈ ਸੀ। ਪਰਚੀ ‘ਚ ਲਿਖਿਆ ਸੀ “ਗੋਲਡੀ ਬਰਾੜ ਗੈਂਗ, ਅਗਲੀ ਲਾਈਨ ‘ਚ ਲਿਖਿਆ ਸੀ ਪਛਾਣ ਤਾਂ ਲਿਆ ਹੋਵੇਗਾ। 50 ਲੱਖ ਦੇ ਦੋ ਖੋਕੇ ਦੀ ਡਿਮਾਂਡ ਕੀਤੀ ਸੀ। ਇਸ ਵਾਰੀ ਇੰਜ ਹੀ ਛੱਡ ਰਹੇ ਹਾਂ, ਜੇ ਪੁਲਿਸ ਨੂੰ ਖਬਰ ਕੀਤੀ ਤਾਂ ਜਾਨ ਤੋਂ ਹੱਥ ਧੋ ਬੈਠੇਂਗਾ।”
ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਗੈਂਗ ਨਾਲ ਜੁੜੇ ਹਨ ਤਾਰ
ਪੁਲਿਸ ਸਰੋਤਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਇਸ ਕੋਚਿੰਗ ਸੈਂਟਰ ਦੇ ਸੰਚਾਲਕ ਤੋਂ 19 ਸਤੰਬਰ 2024 ਨੂੰ ਦੋ ਨਕਾਬਪੋਸ਼ ਨੌਜਵਾਨਾਂ ਨੇ ਪਹਿਲੀ ਮੰਜ਼ਿਲ ‘ਤੇ ਫਾਇਰਿੰਗ ਕੀਤੀ ਸੀ। ਫਾਇਰਿੰਗ ਤੋਂ ਪਹਿਲਾਂ ਉਹ ਰਿਸੈਪਸ਼ਨ ‘ਤੇ ਬੈਠੀ ਔਰਤ ਕੋਲ ਇਕ ਕਰੋੜ ਰੁਪਏ ਦੀ ਫਿਰੌਤੀ ਦੀ ਪਰਚੀ ਛੱਡ ਗਏ ਸਨ।
ਉਸ ਸਮੇਂ ਤਿਹਾੜ ਜੇਲ੍ਹ ‘ਚ ਬੰਦ ਇਕ ਗੈਂਗਸਟਰ ਦੇ ਨਾਂ ‘ਤੇ ਇਹ ਫਿਰੌਤੀ ਮੰਗੀ ਗਈ ਸੀ। ਮੁਲਜ਼ਮਾਂ ਨੇ ਵਾਪਸ ਨਿਕਲਦੇ ਸਮੇਂ ਚਾਰ ਫਾਇਰ ਕੀਤੇ ਸਨ। ਪੁਲਿਸ ਨੇ ਇਸ ਮਾਮਲੇ ‘ਚ ਇਕ ਨਾਬਾਲਿਗ ਸਮੇਤ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਹੁਣ ਇਹ ਮਾਮਲਾ ਵੀ ਇਸੇ ਗੈਂਗ ਨਾਲ ਜੁੜਿਆ ਹੋਇਆ ਦੱਸਿਆ ਜਾ ਰਿਹਾ ਹੈ।