Home Desh Amritsar: ਦੁਰਗਿਆਣਾ ਮੰਦਰ ‘ਚ ਚੇਤ ਨਰਾਤਿਆਂ ਦੀ ਸ਼ੁਰੂਆਤ, ਦਰਸ਼ਨਾਂ ਲਈ ਪਹੁੰਚੀ ਸ਼ਰਧਾਲੂਆਂ...

Amritsar: ਦੁਰਗਿਆਣਾ ਮੰਦਰ ‘ਚ ਚੇਤ ਨਰਾਤਿਆਂ ਦੀ ਸ਼ੁਰੂਆਤ, ਦਰਸ਼ਨਾਂ ਲਈ ਪਹੁੰਚੀ ਸ਼ਰਧਾਲੂਆਂ ਦੀ ਭਾਰੀ ਭੀੜ

23
0

ਨਰਾਤਿਆਂ ਦੌਰਾਨ ਮੰਦਰ ‘ਚ ਹਰ ਰੋਜ਼ ਵਿਸ਼ੇਸ਼ ਪੂਜਾ, ਭਜਨ-ਕੀਰਤਨ ਤੇ ਆਰਤੀ ਦਾ ਆਯੋਜਨ ਕੀਤਾ ਜਾਵੇਗਾ।

ਅੰਮ੍ਰਿਤਸਰ ਦੇ ਪ੍ਰਸਿੱਧ ਦੁਰਗਿਆਣਾ ਤੀਰਥ ਮੰਦਰ ‘ਚ ਅੱਜ ਚੇਤ ਨਰਾਤਿਆਂ ਦੀ ਸ਼ੁਰੂਆਤ ਮੌਕੇ ਧਾਰਮਿਕ ਰੌਣਕਾਂ ਚਰਮ ਤੇ ਰਹੀਆਂ। ਸਵੇਰੇ ਤੋਂ ਹੀ ਮੰਦਰ ‘ਚ ਸ਼ਰਧਾਲੂਆਂ ਦੀ ਭਾਰੀ ਭੀੜ ਵੇਖਣ ਨੂੰ ਮਿਲੀ, ਜਿੱਥੇ ਸਰਧਾਲੂ ਪਹਿਲੇ ਨਰਾਤੇ ‘ਤੇ ਮਾਤਾ ਸ਼ੈਲਪੁੱਤਰੀ ਦੇ ਦਰਸ਼ਨ ਕਰਕੇ ਆਪਣੀ ਮਨੋਕਾਮਨਾ ਮੰਗਦੇ ਨਜ਼ਰ ਆਏ। ਮੰਦਰ ਪ੍ਰਾਂਗਣ ਚ ਭਗਤੀਮਈ ਮਾਹੌਲ ਬਣਿਆ ਰਿਹਾ ਤੇ ਹਰ ਪਾਸੇ ਜੈ ਮਾਤਾ ਦੀ ਦੇ ਜੈਕਾਰੇ ਗੂੰਜਦੇ ਰਹੇ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮੰਦਰ ਦੇ ਪੰਡਿਤ ਨੇ ਦੱਸਿਆ ਕਿ ਚੇਤ ਨਰਾਤੇ ਸਿਰਫ਼ ਮਾਤਾ ਦੀ ਭਗਤੀ ਦਾ ਹੀ ਨਹੀਂ, ਸਗੋਂ ਹਿੰਦੂ ਸੰਸਕ੍ਰਿਤੀ ‘ਚ ਨਵੇਂ ਸਾਲ ਦੀ ਸ਼ੁਰੂਆਤ ਦਾ ਵੀ ਪ੍ਰਤੀਕ ਹਨ। ਉਨ੍ਹਾਂ ਕਿਹਾ ਕਿ ਪੁਰਾਣਾਂ ਅਨੁਸਾਰ ਅੱਜ ਦੇ ਦਿਨ ਹੀ ਬ੍ਰਹਮਾ ਜੀ ਨੇ ਸ੍ਰਿਸ਼ਟੀ ਦੀ ਰਚਨਾ ਕੀਤੀ ਸੀ, ਇਸ ਲਈ ਇਸ ਦਿਨ ਨੂੰ ਬਹੁਤ ਹੀ ਪਵਿੱਤਰ ਮੰਨਿਆ ਜਾਂਦਾ ਹੈ।
ਪੰਡਿਤ ਨੇ ਜਾਣਕਾਰੀ ਦਿੱਤੀ ਕਿ ਨਰਾਤਿਆਂ ਦੇ ਨੌ ਦਿਨਾਂ ਦੌਰਾਨ ਮਾਤਾ ਰਾਨੀ ਦੀ ਅਖੰਡ ਪੂਜਾ ਅਰਚਨਾ ਕੀਤੀ ਜਾਂਦੀ ਹੈ ਤੇ ਘਰਾਂ ‘ਚ ਕਲਸ਼ ਸਥਾਪਨਾ ਨਾਲ ਖੇਤਰੀ ਵੀ ਬੀਜੇ ਜਾਂਦੇ ਹਨ। ਸ਼ਾਮ 7 ਵਜੇ ਤੋਂ ਬਾਅਦ ਭਗਤ ਕਲਸ਼ ਸਥਾਪਿਤ ਕਰਕੇ ਮਾਤਾ ਦੀ ਜੋਤ ਜਲਾਉਂਦੇ ਹਨ ਤੇ ਨੌ ਦਿਨ ਤੱਕ ਸ਼ਰਧਾ ਨਾਲ ਪੂਜਾ ਕਰਦੇ ਹਨ।
ਉਨ੍ਹਾਂ ਦੱਸਿਆ ਕਿ ਵਰਤਾਂ ਦੇ ਵੀ ਵੱਖ-ਵੱਖ ਪ੍ਰਕਾਰ ਹੁੰਦੇ ਹਨ, ਜਿਵੇਂ ਕਿ ਨਿਰਾਹਾਰ ਵਰਤ, ਫਲਾਹਾਰ ਵਰਤ ਤੇ ਅਲਪਾਹਾਰ ਵਰਤ। ਕੁਝ ਭਗਤ ਪੂਰੇ ਦਿਨ ਬਿਨਾਂ ਖਾਣ-ਪੀਣ ਦੇ ਰਹਿੰਦੇ ਹਨ, ਜਦਕਿ ਕਈ ਲੋਕ ਫਲਾਂ ਜਾਂ ਇੱਕ ਸਮੇਂ ਦੇ ਭੋਜਨ ਨਾਲ ਵਰਤ ਰੱਖਦੇ ਹਨ। ਇਹ ਵਰਤ ਜ਼ਿਆਦਾਤਰ ਭਗਤ ਖੁਸ਼ੀ ਤੇ ਸ਼ਰਧਾ ਨਾਲ ਰੱਖਦੇ ਹਨ, ਹਾਲਾਂਕਿ ਕੁਝ ਲੋਕ ਆਪਣੀਆਂ ਮਨੋਕਾਮਨਾਵਾਂ ਪੂਰੀਆਂ ਹੋਣ ਦੀ ਅਰਦਾਸ ਨਾਲ ਵੀ ਵਰਤ ਕਰਦੇ ਹਨ।
ਨਰਾਤਿਆਂ ਦੌਰਾਨ ਮੰਦਰ ‘ਚ ਹਰ ਰੋਜ਼ ਵਿਸ਼ੇਸ਼ ਪੂਜਾ, ਭਜਨ-ਕੀਰਤਨ ਤੇ ਆਰਤੀ ਦਾ ਆਯੋਜਨ ਕੀਤਾ ਜਾਵੇਗਾ। 26 ਤਾਰੀਖ ਨੂੰ ਦੁਰਗਾ ਅਸ਼ਟਮੀ ਮੌਕੇ ਵਿਸ਼ੇਸ਼ ਸਮਾਗਮ ਹੋਣਗੇ, ਜਿੱਥੇ ਵੱਡੀ ਗਿਣਤੀ ‘ਚ ਸ਼ਰਧਾਲੂ ਮਾਤਾ ਰਾਨੀ ਦਾ ਆਸ਼ੀਰਵਾਦ ਲੈਣ ਪਹੁੰਚਣਗੇ। ਇਸ ਤਰ੍ਹਾਂ ਦੁਰਗਿਆਣਾ ਮੰਦਰ ਚ ਨਰਾਤਿਆਂ ਦੀ ਸ਼ੁਰੂਆਤ ਨਾਲ ਹੀ ਪੂਰਾ ਮਾਹੌਲ ਧਾਰਮਿਕ ਰੰਗ ਚ ਰੰਗਿਆ ਹੋਇਆ ਨਜ਼ਰ ਆ ਰਿਹਾ ਹੈ।
Previous articleਤਣਾਅ ਦੇ ਵਿਚਕਾਰ ਊਰਜਾ ਸਪਲਾਈ ‘ਤੇ ਭਾਰਤੀ ਜਲ ਸੈਨਾ ਦਾ ਪਹਿਰਾ, ਓਮਾਨ ਦੀ ਖਾੜੀ ‘ਚ ਜੰਗੀ ਜਹਾਜ਼ ਤੈਨਾਤ
Next articleਸਿਹਤ ਬੀਮਾ ਯੋਜਨਾ, ਆਮ ਆਦਮੀ ਕਲੀਨਿਕ ਤੇ ਰਿਕਾਰਡ ਭਰਤੀ… ਸਿਹਤ ਵਿਭਾਗ ‘ਚ ਅਜਿਹੇ ਰਹੇ ਮਾਨ ਸਰਕਾਰ ਦੇ 4 ਸਾਲ

LEAVE A REPLY

Please enter your comment!
Please enter your name here