Home latest News IPL 2026: ਪੰਜਾਬ ਕਿੰਗਜ਼ ਨੇ ਚੇਪੌਕ ‘ਚ ਰਚਿਆ ਇਤਿਹਾਸ, ਧੋਨੀ ਦੇ ਗੜ੍ਹ...

IPL 2026: ਪੰਜਾਬ ਕਿੰਗਜ਼ ਨੇ ਚੇਪੌਕ ‘ਚ ਰਚਿਆ ਇਤਿਹਾਸ, ਧੋਨੀ ਦੇ ਗੜ੍ਹ ‘ਚ CSK ਨੂੰ ਦਿੱਤੀ ਕਰਾਰੀ ਮਾਤ

22
0

ਇਹ ਜਿੱਤ ਪੰਜਾਬ ਕਿੰਗਜ਼ ਲਈ ਇਤਿਹਾਸਕ ਸਾਬਤ ਹੋਈ ਹੈ।

ਆਈਪੀਐਲ 2026 ਦੇ ਸੱਤਵੇਂ ਮਕਾਬਲੇ ਵਿੱਚ ਪੰਜਾਬ ਕਿੰਗਜ਼ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਚੇਨਈ ਸੁਪਰ ਕਿੰਗਜ਼ (CSK) ਨੂੰ ਉਨ੍ਹਾਂ ਦੇ ਘਰ ਐਮ.ਏ. ਚਿਦੰਬਰਮ ਸਟੇਡੀਅਮ ਵਿੱਚ 5 ਵਿਕਟਾਂ ਨਾਲ ਮਾਤ ਦਿੱਤੀ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਚੇਨਈ ਦੀ ਟੀਮ ਨੇ 20 ਓਵਰਾਂ ਵਿੱਚ 209 ਦੌੜਾਂ ਦਾ ਮਜ਼ਬੂਤ ਸਕੋਰ ਖੜ੍ਹਾ ਕੀਤਾ ਸੀ। ਪਰ ਪੰਜਾਬ ਕਿੰਗਜ਼ ਦੇ ਬੱਲੇਬਾਜ਼ਾਂ ਨੇ ਹਿੰਮਤ ਨਹੀਂ ਹਾਰੀ ਅਤੇ 18.4 ਓਵਰਾਂ ਵਿੱਚ 210 ਦੌੜਾਂ ਬਣਾ ਕੇ ਇਸ ਵੱਡੇ ਟੀਚੇ ਨੂੰ ਸਰ ਕਰ ਲਿਆ। ਇਸ ਜਿੱਤ ਦੇ ਹੀਰੋ ਪ੍ਰਿਆਂਸ਼ ਆਰੀਆ, ਪ੍ਰਭਸਿਮਰਨ ਸਿੰਘ, ਕੂਪਰ ਕਾਨਲੀ ਅਤੇ ਕਪਤਾਨ ਸ਼੍ਰੇਅਸ ਅਈਅਰ ਰਹੇ।

ਚੇਨਈ ਨੇ ਬਣਾਇਆ ਸੀ ਵੱਡਾ ਸਕੋਰ

ਚੇਨਈ ਸੁਪਰ ਕਿੰਗਜ਼ ਦੇ ਬੱਲੇਬਾਜ਼ਾਂ ਨੇ ਆਪਣੀ ਪਾਰੀ ਦੌਰਾਨ ਸ਼ਾਨਦਾਰ ਖੇਡ ਦਿਖਾਈ। ਨੌਜਵਾਨ ਬੱਲੇਬਾਜ਼ ਆਯੂਸ਼ ਮਹਾਤਰੇ ਨੇ 73 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ। ਉਨ੍ਹਾਂ ਤੋਂ ਇਲਾਵਾ ਸ਼ਿਵਮ ਦੂਬੇ ਨੇ ਨਾਬਾਦ 45 ਦੌੜਾਂ ਬਣਾਈਆਂ ਅਤੇ ਸਰਫਰਾਜ਼ ਖਾਨ ਨੇ ਸਿਰਫ 12 ਗੇਂਦਾਂ ‘ਤੇ 32 ਦੌੜਾਂ ਦੀ ਤੂਫਾਨੀ ਪਾਰੀ ਖੇਡ ਕੇ ਟੀਮ ਦੇ ਸਕੋਰ ਨੂੰ 200 ਦੇ ਪਾਰ ਪਹੁੰਚਾਇਆ। ਪੰਜਾਬ ਵੱਲੋਂ ਗੇਂਦਬਾਜ਼ੀ ਵਿੱਚ ਵਿਜੇ ਕੁਮਾਰ ਵੈਸ਼ਾਕ ਸਭ ਤੋਂ ਸਫਲ ਰਹੇ, ਜਿਨ੍ਹਾਂ ਨੇ 2 ਵਿਕਟਾਂ ਹਾਸਲ ਕੀਤੀਆਂ। ਜੇਵੀਅਰ ਬਾਰਟਲੇਟ, ਮਾਰਕੋ ਯਾਨਸਨ ਅਤੇ ਯੁਜਵੇਂਦਰ ਚਾਹਲ ਦੇ ਹਿੱਸੇ 1-1 ਸਫਲਤਾ ਆਈ।

ਪੰਜਾਬ ਦੀ ਤੇਜ਼ ਸ਼ੁਰੂਆਤ

ਪੰਜਾਬ ਕਿੰਗਜ਼ ਦੀ ਸ਼ੁਰੂਆਤ ਬੇਹੱਦ ਤੇਜ਼ ਰਹੀ। ਸਲਾਮੀ ਬੱਲੇਬਾਜ਼ ਪ੍ਰਭਸਿਮਰਨ ਸਿੰਘ ਅਤੇ ਪ੍ਰਿਆਂਸ਼ ਆਰੀਆ ਨੇ ਪਹਿਲੀ ਵਿਕਟ ਲਈ 61 ਦੌੜਾਂ ਦੀ ਤੇਜ਼ ਸਾਂਝੇਦਾਰੀ ਕੀਤੀ। ਪ੍ਰਿਆਂਸ਼ ਆਰੀਆ ਨੇ ਮਹਿਜ਼ 11 ਗੇਂਦਾਂ ‘ਤੇ 39 ਦੌੜਾਂ ਬਣਾ ਕੇ ਟੀਮ ਨੂੰ ਲੋੜੀਂਦੀ ਰਫ਼ਤਾਰ ਦਿੱਤੀ। ਪ੍ਰਭਸਿਮਰਨ ਸਿੰਘ ਨੇ ਵੀ 34 ਗੇਂਦਾਂ ਵਿੱਚ 43 ਦੌੜਾਂ ਦਾ ਯੋਗਦਾਨ ਪਾਇਆ। ਮੱਧ ਕ੍ਰਮ ਵਿੱਚ ਕੂਪਰ ਕਾਨਲੀ ਨੇ 22 ਗੇਂਦਾਂ ‘ਤੇ 36 ਦੌੜਾਂ ਦੀ ਅਹਿਮ ਪਾਰੀ ਖੇਡੀ। ਅੰਤ ਵਿੱਚ ਕਪਤਾਨ ਸ਼੍ਰੇਅਸ ਅਈਅਰ ਨੇ ਮੋਰਚਾ ਸੰਭਾਲਿਆ ਅਤੇ 29 ਗੇਂਦਾਂ ‘ਤੇ 50 ਦੌੜਾਂ ਜੜੀਆਂ, ਜਿਸ ਵਿੱਚ 4 ਚੌਕੇ ਅਤੇ 3 ਸ਼ਾਨਦਾਰ ਛੱਕੇ ਸ਼ਾਮਲ ਸਨ।

ਪੰਜਾਬ ਕਿੰਗਜ਼ ਨੇ ਬਣਾਇਆ ਨਵਾਂ ਰਿਕਾਰਡ

ਇਹ ਜਿੱਤ ਪੰਜਾਬ ਕਿੰਗਜ਼ ਲਈ ਇਤਿਹਾਸਕ ਸਾਬਤ ਹੋਈ ਹੈ। ਪੰਜਾਬ ਦੀ ਟੀਮ ਆਈ.ਪੀ.ਐਲ. ਦੀ ਪਹਿਲੀ ਅਜਿਹੀ ਟੀਮ ਬਣ ਗਈ ਹੈ, ਜਿਸ ਨੇ ਚੇਨਈ ਦੇ ਘਰ (ਐਮ.ਏ. ਚਿਦੰਬਰਮ ਸਟੇਡੀਅਮ) ਵਿੱਚ ਦੂਜੀ ਵਾਰ 200 ਜਾਂ ਇਸ ਤੋਂ ਵੱਧ ਦੌੜਾਂ ਦਾ ਟੀਚਾ ਸਫਲਤਾਪੂਰਵਕ ਚੇਜ਼ ਕੀਤਾ ਹੈ। ਇਸ ਤੋਂ ਪਹਿਲਾਂ ਕੋਈ ਵੀ ਟੀਮ ਚੇਨਈ ਦੇ ਗੜ੍ਹ ਵਿੱਚ ਦੋ ਵਾਰ ਇਹ ਕਾਰਨਾਮਾ ਨਹੀਂ ਕਰ ਸਕੀ ਸੀ। ਇਸ ਜਿੱਤ ਨਾਲ ਪੰਜਾਬ ਕਿੰਗਜ਼ ਨੇ ਟੂਰਨਾਮੈਂਟ ਵਿੱਚ ਆਪਣੀ ਮਜ਼ਬੂਤ ਦਾਅਵੇਦਾਰੀ ਪੇਸ਼ ਕੀਤੀ ਹੈ।
Previous articleਪੰਜਾਬ ‘ਚ ਅੱਜ ਮੌਸਮ ਬਦਲਿਆ, 50-60 ਕਿਮੀ ਰਫ਼ਤਾਰ ਨਾਲ ਹਵਾਵਾਂ ਦੀ ਸੰਭਾਵਨਾ
Next articleAmritsar ਦੀਆਂ ਗਲੀਆਂ ‘ਚ ਨਜ਼ਰ ਆਏ ਨਵਜੋਤ ਸਿੱਧੂ, ਗਿਆਨੀ ਟੀ ਸਟਾਲ ‘ਤੇ ਪੀਤੀ ਚਾਹ ਨਾਲ ਲਿਆ ਕਚੌਰੀ ਦਾ ਸੁਆਦ

LEAVE A REPLY

Please enter your comment!
Please enter your name here