Home Desh IPL 2026: ਅਦਾਕਾਰਾ ਪ੍ਰੀਤੀ ਜ਼ਿੰਟਾ ਨੇ ਚੰਡੀਗੜ੍ਹ IPL ਮੈਚ ਦੌਰਾਨ ਬਰਨਾਲਾ ਦੇ... Deshlatest NewsPanjabSports IPL 2026: ਅਦਾਕਾਰਾ ਪ੍ਰੀਤੀ ਜ਼ਿੰਟਾ ਨੇ ਚੰਡੀਗੜ੍ਹ IPL ਮੈਚ ਦੌਰਾਨ ਬਰਨਾਲਾ ਦੇ 5 ਸਾਲਾ ਮਾਸੂਮ ਨੂੰ ‘ਗੋਲਡ ਮੈਡਲ’ ਨਾਲ ਕੀਤਾ ਸਨਮਾਨਿਤ By admin - April 24, 2026 3 0 FacebookTwitterPinterestWhatsApp ਬਰਨਾਲਾ ਤੋਂ ਚੰਡੀਗੜ੍ਹ ਆਉਣ-ਜਾਣ ਅਤੇ ਰਹਿਣ-ਖਾਣ ਦਾ ਸਾਰਾ ਖਰਚਾ ਟੀਮ ਵੱਲੋਂ ਚੁੱਕਿਆ ਗਿਆ। ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਅਤੇ ਆਈ.ਪੀ.ਐਲ. ਟੀਮ ‘ਪੰਜਾਬ ਕਿੰਗਜ਼’ ਦੀ ਕੋ-ਓਨਰ ਪ੍ਰੀਤੀ ਜ਼ਿੰਟਾ ਨੇ ਇਨਸਾਨੀਅਤ ਦੀ ਮਿਸਾਲ ਪੇਸ਼ ਕਰਦਿਆਂ ਬਰਨਾਲਾ ਦੇ ਰਹਿਣ ਵਾਲੇ ਪੰਜ ਸਾਲਾ ਬਾਲ ਸਮਾਜ ਸੇਵੀ ਹਰਗੁਣ ਸਿੰਘ ਧਾਲੀਵਾਲ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਹੈ। ਚੰਡੀਗੜ੍ਹ ਦੇ ਸਪੋਰਟਸ ਸਟੇਡੀਅਮ ਵਿੱਚ ਪੰਜਾਬ ਕਿੰਗਜ਼ ਅਤੇ ਲਖਨਊ ਸੁਪਰ ਜਾਇੰਟਸ ਵਿਚਾਲੇ ਖੇਡੇ ਗਏ ਅਹਿਮ ਆਈ.ਪੀ.ਐਲ. ਮੈਚ ਦੌਰਾਨ ਲੱਖਾਂ ਖੇਡ ਪ੍ਰੇਮੀਆਂ ਦੀ ਮੌਜੂਦਗੀ ਵਿੱਚ ਹਰਗੁਣ ਨੂੰ ਉਸ ਦੀ ਨਿਸ਼ਕਾਮ ਸੇਵਾ ਲਈ ਗੋਲਡ ਮੈਡਲ ਦਿੱਤਾ ਗਿਆ। ਬਾੜ ਪੀੜਤਾਂ ਦੀ ਮਦਦ ਕਰਕੇ ਚਰਚਾ ਵਿੱਚ ਆਇਆ ਸੀ ਹਰਗੁਨ ਵਾਈ.ਐਸ. ਸਕੂਲ ਹੰਡਿਆਇਆ ਵਿੱਚ ਯੂ.ਕੇ.ਜੀ. ਕਲਾਸ ਵਿੱਚ ਪੜ੍ਹਨ ਵਾਲੇ ਹਰਗੁਣ ਸਿੰਘ ਧਾਲੀਵਾਲ, ਪੁੱਤਰ ਧਰਮਿੰਦਰ ਸਿੰਘ ਧਾਲੀਵਾਲ ਨੇ ਪੰਜਾਬ ਵਿੱਚ ਆਏ ਹੜ੍ਹਾਂ ਦੌਰਾਨ ਇੱਕ ਵੱਡੀ ਮਿਸਾਲ ਕਾਇਮ ਕੀਤੀ ਸੀ। ਇਸ ਮਾਸੂਮ ਬੱਚੇ ਨੇ ਆਪਣੀ ਗੁੱਲਕ ਵਿੱਚ ਜਮ੍ਹਾਂ ਕੀਤੀ ਸਾਰੀ ਬੱਚਤ ਪੰਜਾਬ ਸਰਕਾਰ ਨੂੰ ਹੜ੍ਹ ਪੀੜਤਾਂ ਦੀ ਮਦਦ ਲਈ ਸੌਂਪ ਦਿੱਤੀ ਸੀ। ਹਰਗੁਣ ਦੀ ਇਸ ਦਰਿਆਦਿਲੀ ਦੀ ਖ਼ਬਰ ਸੋਸ਼ਲ ਮੀਡੀਆ ਰਾਹੀਂ ਦੇਸ਼-ਦੁਨੀਆ ਵਿੱਚ ਵਾਇਰਲ ਹੋਈ ਸੀ, ਜਿਸ ਤੋਂ ਪ੍ਰਭਾਵਿਤ ਹੋ ਕੇ ਪ੍ਰੀਤੀ ਜ਼ਿੰਟਾ ਦੀ ਟੀਮ ਪਿਛਲੇ ਕਈ ਮਹੀਨਿਆਂ ਤੋਂ ਹਰਗੁਣ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। ਪ੍ਰੀਤੀ ਜ਼ਿੰਟਾ ਨੇ ਹਰਗੁਣ ਨਾਲ ਬੈਠ ਕੇ ਦੇਖਿਆ ਪੂਰਾ ਮੈਚ ਸਨਮਾਨ ਸਮਾਰੋਹ ਦੌਰਾਨ ਪ੍ਰੀਤੀ ਜ਼ਿੰਟਾ ਨੇ ਹਰਗੁਣ ਸਿੰਘ ਨੂੰ ਸਿਰਫ਼ ਮੈਡਲ ਹੀ ਨਹੀਂ ਦਿੱਤਾ, ਸਗੋਂ ਉਸ ਨੂੰ ਆਪਣੇ ਨਾਲ ਬਿਠਾ ਕੇ ਪੂਰਾ ਮੈਚ ਵੀ ਦਿਖਾਇਆ। ਇਸ ਦੌਰਾਨ ਉਨ੍ਹਾਂ ਹਰਗੁਣ ਦੀ ਪੜ੍ਹਾਈ, ਪਰਿਵਾਰ, ਸਕੂਲ ਅਤੇ ਸਮਾਜ ਸੇਵਾ ਪ੍ਰਤੀ ਉਸ ਦੇ ਜਜ਼ਬੇ ਬਾਰੇ ਕਾਫ਼ੀ ਦੇਰ ਗੱਲਾਂ ਕੀਤੀਆਂ। ਪ੍ਰੀਤੀ ਨੇ ਭਾਵੁਕ ਹੁੰਦਿਆਂ ਕਿਹਾ ਕਿ ਉਨ੍ਹਾਂ ਨੂੰ ਹਰਗੁਣ ਨੂੰ ਲੱਭਣ ਵਿੱਚ ਕਾਫ਼ੀ ਸਮਾਂ ਲੱਗ ਗਿਆ, ਜਿਸਦਾ ਉਨ੍ਹਾਂ ਨੂੰ ਅਫ਼ਸੋਸ ਹੈ। ਉਨ੍ਹਾਂ ਬੱਚੇ ਨੂੰ ਬਹੁਤ ਪਿਆਰ ਦਿੱਤਾ ਅਤੇ ਹੌਸਲਾ ਅਫਜ਼ਾਈ ਕੀਤੀ। ਵੀ.ਆਈ.ਪੀ. ਬਾਕਸ ਵਿੱਚ ਸਿਤਾਰਿਆਂ ਦਾ ਜਮਾਵੜਾ ਹਰਗੁਣ ਅਤੇ ਉਸ ਦੇ ਪਰਿਵਾਰ ਲਈ ਸਾਰਾ ਇੰਤਜ਼ਾਮ ਪ੍ਰੀਤੀ ਜ਼ਿੰਟਾ ਦੀ ਮੈਨੇਜਮੈਂਟ ਟੀਮ, ਜਿਸ ਵਿੱਚ ਮੈਡਮ ਪ੍ਰਿਆ ਅਤੇ ਉਨ੍ਹਾਂ ਦੇ ਸਾਥੀ ਸ਼ਾਮਲ ਸਨ, ਵੱਲੋਂ ਕੀਤਾ ਗਿਆ ਸੀ। ਬਰਨਾਲਾ ਤੋਂ ਚੰਡੀਗੜ੍ਹ ਆਉਣ-ਜਾਣ ਅਤੇ ਰਹਿਣ-ਖਾਣ ਦਾ ਸਾਰਾ ਖਰਚਾ ਟੀਮ ਵੱਲੋਂ ਚੁੱਕਿਆ ਗਿਆ। ਹਰਗੁਣ ਨੇ ਪ੍ਰੀਤੀ ਜ਼ਿੰਟਾ ਦੇ ਸਪੈਸ਼ਲ ਵੀ.ਆਈ.ਪੀ. ਬਾਕਸ ਵਿੱਚ ਬੈਠ ਕੇ ਮੈਚ ਦਾ ਆਨੰਦ ਲਿਆ, ਜਿੱਥੇ ਬਾਲੀਵੁੱਡ ਸਟਾਰ ਅਰਜੁਨ ਰਾਮਪਾਲ, ਪੰਜਾਬੀ ਅਦਾਕਾਰਾ ਸੋਨਮ ਬਾਜਵਾ, ਗਾਇਕ ਜਸਬੀਰ ਜੱਸੀ ਅਤੇ ਕੁਲਵਿੰਦਰ ਬਿੱਲਾ ਵਰਗੀਆਂ ਨਾਮੀ ਹਸਤੀਆਂ ਮੌਜੂਦ ਸਨ। ਇਨ੍ਹਾਂ ਸਾਰੇ ਸਿਤਾਰਿਆਂ ਨੇ ਹਰਗੁਣ ਨੂੰ ਆਪਣੇ ਆਟੋਗ੍ਰਾਫ ਦਿੱਤੇ ਅਤੇ ਉਸ ‘ਤੇ ਪਿਆਰ ਦੀ ਵਰਖਾ ਕੀਤੀ। ਪਰਿਵਾਰ ਅਤੇ ਸਕੂਲ ਵੱਲੋਂ ਧੰਨਵਾਦ ਇਸ ਮੌਕੇ ਹਰਗੁਣ ਦੇ ਪਿਤਾ ਧਰਮਿੰਦਰ ਸਿੰਘ ਧਾਲੀਵਾਲ, ਮਾਤਾ ਸਿਮਰਨ ਅਤੇ ਦਾਦਾ ਸਾਧੂ ਸਿੰਘ ਧਾਲੀਵਾਲ ਨੇ ਪ੍ਰੀਤੀ ਜ਼ਿੰਟਾ ਦਾ ਤਹਿ ਦਿਲੋਂ ਸ਼ੁੱਕਰੀਆ ਅਦਾ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਉਨ੍ਹਾਂ ਦੇ ਬੇਟੇ ਨੂੰ ਇੰਨਾ ਵੱਡਾ ਮਾਣ-ਸਤਿਕਾਰ ਮਿਲੇਗਾ। ਪਰਿਵਾਰ ਨੇ ਕਿਹਾ ਕਿ ਪ੍ਰੀਤੀ ਜ਼ਿੰਟਾ ਫ਼ਿਲਮਾਂ ਦੇ ਨਾਲ-ਨਾਲ ਅਸਲ ਜ਼ਿੰਦਗੀ ਵਿੱਚ ਵੀ ਇੱਕ ਨੇਕ ਇਨਸਾਨ ਹਨ। ਸਤਿਕਾਰ ਵਜੋਂ ਪਰਿਵਾਰ ਨੇ ਪ੍ਰੀਤੀ ਜ਼ਿੰਟਾ ਨੂੰ ਪੰਜਾਬੀ ਸੱਭਿਆਚਾਰ ਦਾ ਪ੍ਰਤੀਕ ‘ਫੁਲਕਾਰੀ’ ਭੇਟ ਕੀਤੀ। ਪ੍ਰੀਤੀ ਨੇ ਵੀ ਪਰਿਵਾਰ ਨੂੰ ਭਰੋਸਾ ਦਿਵਾਇਆ ਕਿ ਉਹ ਜਲਦੀ ਹੀ ਬਰਨਾਲਾ ਆਉਣਗੇ। ਵਾਈ.ਐਸ. ਸਕੂਲ ਹੰਡਿਆਇਆ ਦੇ ਪ੍ਰਿੰਸੀਪਲ ਮੋਹਿਤ ਜਿੰਦਲ ਨੇ ਵੀ ਪ੍ਰੀਤੀ ਜ਼ਿੰਟਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਹਰਗੁਣ ਨੇ ਸਕੂਲ ਅਤੇ ਇਲਾਕੇ ਦਾ ਨਾਂ ਰੋਸ਼ਨ ਕੀਤਾ ਹੈ। ਜ਼ਿਕਰਯੋਗ ਹੈ ਕਿ ਹਰਗੁਣ ਸਿੰਘ ਧਾਲੀਵਾਲ ਨੂੰ ਇਸ ਤੋਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ। ਇੰਨੀ ਛੋਟੀ ਉਮਰ ਵਿੱਚ ਲੱਖਾਂ ਲੋਕਾਂ ਸਾਹਮਣੇ ਸਨਮਾਨਿਤ ਹੋਣਾ ਹਰਗੁਣ ਅਤੇ ਸਮੁੱਚੇ ਪੰਜਾਬ ਲਈ ਮਾਣ ਵਾਲੀ ਗੱਲ ਹੈ।