Home latest News IPL 2026: Hyderabad ਤੋਂ ਕਰਾਰੀ ਹਾਰ ਦੇ ਬਾਵਜੂਦ RCB ਦੀ ਮੌਜ, ਪੁਆਇੰਟਸ...

IPL 2026: Hyderabad ਤੋਂ ਕਰਾਰੀ ਹਾਰ ਦੇ ਬਾਵਜੂਦ RCB ਦੀ ਮੌਜ, ਪੁਆਇੰਟਸ ਟੇਬਲ ‘ਚ ਹੋਇਆ ਇਹ ਵੱਡਾ ਕਮਾਲ

22
0

ਹੈਦਰਾਬਾਦ ਦੇ ਵਿਸ਼ਾਲ ਟੀਚੇ ਦਾ ਪਿੱਛਾ ਕਰਨ ਉਤਰੀ ਬੈਂਗਲੁਰੂ ਦੀ ਮਜ਼ਬੂਤ ਬੱਲੇਬਾਜ਼ੀ ਯੂਨਿਟ ਲੋੜ ਮੁਤਾਬਕ ਤੇਜ਼ੀ ਨਾਲ ਦੌੜਾਂ ਬਣਾਉਣ ਵਿੱਚ ਨਾਕਾਮ ਰਹੀ।

ਆਈਪੀਐਲ 2026 ਦੇ ਇੱਕ ਰੋਮਾਂਚਕ ਮੁਕਾਬਲੇ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਨੇ ਆਪਣੇ ਘਰੇਲੂ ਮੈਦਾਨ ਰਾਜੀਵ ਗਾਂਧੀ ਸਟੇਡੀਅਮ ਵਿੱਚ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ ਬੇਹੰਦ ਆਸਾਨੀ ਨਾਲ 55 ਦੌੜਾਂ ਦੇ ਵੱਡੇ ਫਰਕ ਨਾਲ ਮਾਤ ਦੇ ਦਿੱਤੀ ਹੈ। ਮੈਚ ਵਿੱਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਹੈਦਰਾਬਾਦ ਦੀ ਟੀਮ ਨੇ ਨਿਰਧਾਰਿਤ 20 ਓਵਰਾਂ ਵਿੱਚ 255 ਦੌੜਾਂ ਦਾ ਪਹਾੜ ਵਰਗਾ ਸਕੋਰ ਖੜ੍ਹਾ ਕੀਤਾ, ਜਿਸ ਦੇ ਜਵਾਬ ਵਿੱਚ ਬੈਂਗਲੁਰੂ ਦੀ ਟੀਮ ਟੀਚੇ ਦਾ ਪਿੱਛਾ ਕਰਨ ਵਿੱਚ ਅਸਫ਼ਲ ਰਹੀ।
ਹਾਲਾਂਕਿ, ਇਸ ਵੱਡੀ ਹਾਰ ਦੇ ਬਾਵਜੂਦ ਆਰਸੀਬੀ ਨੂੰ ਕੋਈ ਨੁਕਸਾਨ ਨਹੀਂ ਹੋਇਆ ਕਿਉਂਕਿ ਇਹ ਟੀਮ ਬਿਹਤਰ ਨੈੱਟ ਰਨ-ਰੇਟ ਦੇ ਆਧਾਰ ‘ਤੇ ਅੰਕ ਸੂਚੀ ਵਿੱਚ ਸਿਖਰਲੇ ਸਥਾਨ ‘ਤੇ ਬਰਕਰਾਰ ਹੈ ਅਤੇ ਹੁਣ ਉਸ ਨੂੰ ਫਾਈਨਲ ਵਿੱਚ ਪਹੁੰਚਣ ਲਈ ਦੋ ਮੌਕੇ ਮਿਲਣਗੇ। ਦੂਜੇ ਪਾਸੇ, ਹੈਦਰਾਬਾਦ ਨੂੰ ਇਸ ਸ਼ਾਨਦਾਰ ਜਿੱਤ ਦਾ ਕੋਈ ਖ਼ਾਸ ਫਾਇਦਾ ਨਹੀਂ ਮਿਲਿਆ ਅਤੇ ਉਹ ਤੀਜੇ ਨੰਬਰ ‘ਤੇ ਹੀ ਰਹੀ। ਬੈਂਗਲੁਰੂ, ਗੁਜਰਾਤ ਅਤੇ ਹੈਦਰਾਬਾਦ ਤਿੰਨਾਂ ਨੇ ਹੀ ਲੀਗ ਪੜਾਅ ਦਾ ਅੰਤ 18-18 ਅੰਕਾਂ ਨਾਲ ਕੀਤਾ ਹੈ। ਹੁਣ 1 ਮਈ ਨੂੰ ਪਹਿਲੇ ਕੁਆਲੀਫਾਇਰ ਮੁਕਾਬਲੇ ਵਿੱਚ ਆਰਸੀਬੀ ਅਤੇ ਗੁਜਰਾਤ ਟਾਈਟਨਸ ਦੀ ਟੱਕਰ ਹੋਵੇਗੀ।

ਹੈਦਰਾਬਾਦ ਦੀ ਜਿੱਤ ਦੇ ਹੀਰੋ

ਇਸ ਮੈਚ ਵਿੱਚ ਹੈਦਰਾਬਾਦ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਸਲਾਮੀ ਬੱਲੇਬਾਜ਼ ਟ੍ਰੈਵਿਸ ਹੈੱਡ ਅਤੇ ਅਭਿਸ਼ੇਕ ਸ਼ਰਮਾ ਨੇ ਟੀਮ ਨੂੰ ਬੇਹੰਦ ਤੂਫ਼ਾਨੀ ਸ਼ੁਰੂਆਤ ਦਿੱਤੀ। ਦੋਵਾਂ ਨੇ ਪਹਿਲੀ ਵਿਕਟ ਲਈ ਮਹਿਜ਼ 4 ਓਵਰਾਂ ਵਿੱਚ 45 ਦੌੜਾਂ ਜੋੜੀਆਂ, ਪਰ ਰਸਿਖ ਸਲਾਮ ਡਾਰ ਨੇ ਹੈੱਡ ਨੂੰ 26 ਦੌੜਾਂ ‘ਤੇ ਬੋਲਡ ਕਰਕੇ ਇਸ ਸਾਂਝੇਦਾਰੀ ਨੂੰ ਤੋੜਿਆ। ਇਸ ਤੋਂ ਬਾਅਦ ਅਭਿਸ਼ੇਕ ਸ਼ਰਮਾ ਨੇ ਇਸ਼ਾਨ ਕਿਸ਼ਨ ਦੇ ਨਾਲ ਮਿਲ ਕੇ ਬੈਂਗਲੁਰੂ ਦੇ ਗੇਂਦਬਾਜ਼ਾਂ ਦੀ ਰੱਜ ਕੇ ਧੁਲਾਈ ਕੀਤੀ। ਅਭਿਸ਼ੇਕ ਨੇ ਮਹਿਜ਼ 20 ਗੇਂਦਾਂ ਵਿੱਚ ਆਪਣਾ ਅਰਧ-ਸੈਂਕੜਾ ਪੂਰਾ ਕੀਤਾ ਅਤੇ 22 ਗੇਂਦਾਂ ਵਿੱਚ 56 ਦੌੜਾਂ ਦੀ ਪਾਰੀ ਖੇਡੀ।
ਇਸ਼ਾਨ ਕਿਸ਼ਨ ਨੇ ਵੀ ਹੇਨਰਿਕ ਕਲਾਸੇਨ ਦੇ ਨਾਲ ਮਿਲ ਕੇ ਰਨ-ਰੇਟ ਨੂੰ ਤੇਜ਼ੀ ਨਾਲ ਅੱਗੇ ਵਧਾਇਆ। ਕਲਾਸੇਨ ਨੇ 24 ਗੇਂਦਾਂ ਵਿੱਚ 51 ਦੌੜਾਂ ਬਣਾਈਆਂ, ਜਦਕਿ ਇਸ਼ਾਨ ਕਿਸ਼ਨ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ 79 ਦੌੜਾਂ ਦਾ ਯੋਗਦਾਨ ਪਾਇਆ। ਅਖੀਰ ਵਿੱਚ ਨੀਤੀਸ਼ ਰੈੱਡੀ ਨੇ ਵੀ ਪੰਜਵੇਂ ਨੰਬਰ ‘ਤੇ ਉਤਰ ਕੇ 12 ਗੇਂਦਾਂ ਵਿੱਚ 29 ਦੌੜਾਂ ਦੀ ਅਜੇਤੂ ਪਾਰੀ ਖੇਡ ਕੇ ਟੀਮ ਦੇ ਸਕੋਰ ਨੂੰ 255 ਤੱਕ ਪਹੁੰਚਾਇਆ।

ਬੈਂਗਲੁਰੂ ਦੇ ਬੱਲੇਬਾਜ਼ ਪਏ ਧੀਮੇ

ਹੈਦਰਾਬਾਦ ਦੇ ਵਿਸ਼ਾਲ ਟੀਚੇ ਦਾ ਪਿੱਛਾ ਕਰਨ ਉਤਰੀ ਬੈਂਗਲੁਰੂ ਦੀ ਮਜ਼ਬੂਤ ਬੱਲੇਬਾਜ਼ੀ ਯੂਨਿਟ ਲੋੜ ਮੁਤਾਬਕ ਤੇਜ਼ੀ ਨਾਲ ਦੌੜਾਂ ਬਣਾਉਣ ਵਿੱਚ ਨਾਕਾਮ ਰਹੀ। ਵੈਂਕਟੇਸ਼ ਅਈਅਰ ਨੇ 19 ਗੇਂਦਾਂ ਵਿੱਚ 44 ਦੌੜਾਂ ਬਣਾ ਕੇ ਟੀਮ ਨੂੰ ਤੇਜ਼ ਸ਼ੁਰੂਆਤ ਜ਼ਰੂਰ ਦਿੱਤੀ, ਪਰ ਉਸ ਨੂੰ ਅਹਿਸਾਨ ਮਲਿੰਗਾ ਨੇ ਆਊਟ ਕਰ ਦਿੱਤਾ। ਇਸ ਤੋਂ ਬਾਅਦ ਆਰਸੀਬੀ ਨੂੰ ਸਭ ਤੋਂ ਵੱਡਾ ਝਟਕਾ ਸਾਕਿਬ ਹੁਸੈਨ ਨੇ ਦਿੱਤਾ, ਜਿਸ ਨੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੂੰ ਮਹਿਜ਼ 15 ਦੌੜਾਂ ‘ਤੇ ਪਵੇਲੀਅਨ ਭੇਜ ਦਿੱਤਾ।
ਦੇਵਦੱਤ ਪਡੀਕਲ ਵੀ 14 ਗੇਂਦਾਂ ਵਿੱਚ ਸਿਰਫ਼ 21 ਦੌੜਾਂ ਹੀ ਬਣਾ ਸਕੇ। ਰਜਤ ਪਾਟੀਦਾਰ ਨੇ 56 ਦੌੜਾਂ ਦੀ ਅਰਧ-ਸੈਂਕੜੇ ਵਾਲੀ ਪਾਰੀ ਜ਼ਰੂਰ ਖੇਡੀ, ਪਰ ਉਨ੍ਹਾਂ ਦੀ ਬੱਲੇਬਾਜ਼ੀ ਦੀ ਰਫ਼ਤਾਰ ਕਾਫ਼ੀ ਧੀਮੀ ਰਹੀ। ਕਰੁਣਾਲ ਪੰਡਯਾ ਨੇ ਅਜੇਤੂ 41 ਅਤੇ ਟਿਮ ਡੇਵਿਡ ਨੇ ਅਜੇਤੂ 15 ਦੌੜਾਂ ਬਣਾਈਆਂ। ਆਖ਼ਰਕਾਰ ਆਰਸੀਬੀ ਦੀ ਟੀਮ 20 ਓਵਰਾਂ ਵਿੱਚ 200 ਦੌੜਾਂ ਹੀ ਬਣਾ ਸਕੀ ਅਤੇ 55 ਦੌੜਾਂ ਨਾਲ ਮੈਚ ਹਾਰ ਗਈ।

IPL 2026 ਅੰਕ ਸੂਚੀ ਦੀ ਸਥਿਤੀ

ਲੀਗ ਪੜਾਅ ਦੇ ਖ਼ਤਮ ਹੋਣ ਤੋਂ ਬਾਅਦ ਅੰਕ ਸੂਚੀ ਵਿੱਚ ਬੈਂਗਲੁਰੂ ਦੀ ਟੀਮ ਟਾਪ ‘ਤੇ ਰਹੀ, ਜਿਸ ਨੇ 14 ਵਿੱਚੋਂ 9 ਮੈਚ ਜਿੱਤੇ ਅਤੇ ਉਸ ਦੇ 18 ਅੰਕ ਹਨ। ਗੁਜਰਾਤ ਟਾਈਟਨਸ ਨੇ ਵੀ 14 ਵਿੱਚੋਂ 9 ਮੈਚ ਜਿੱਤੇ ਅਤੇ 18 ਅੰਕਾਂ ਨਾਲ ਦੂਜੇ ਸਥਾਨ ‘ਤੇ ਰਹੀ। ਹੈਦਰਾਬਾਦ ਨੇ ਵੀ 14 ਵਿੱਚੋਂ 9 ਮੈਚ ਜਿੱਤੇ ਪਰ ਉਸ ਦਾ ਨੈੱਟ ਰਨ-ਰੇਟ ਆਰਸੀਬੀ ਅਤੇ ਗੁਜਰਾਤ ਨਾਲੋਂ ਖ਼ਰਾਬ ਹੋਣ ਕਾਰਨ ਉਹ ਤੀਜੇ ਸਥਾਨ ‘ਤੇ ਰਹੀ। ਹੁਣ ਪਲੇਆਫ ਦੇ ਚੌਥੇ ਨੰਬਰ ‘ਤੇ ਜਗ੍ਹਾ ਬਣਾਉਣ ਲਈ ਰਾਜਸਥਾਨ ਰਾਇਲਜ਼ ਕੋਲ ਵੱਡਾ ਮੌਕਾ ਹੈ। ਰਾਜਸਥਾਨ ਦਾ ਮੁਕਾਬਲਾ ਮੁੰਬਈ ਇੰਡੀਅਨਜ਼ ਨਾਲ ਹੈ; ਜੇਕਰ ਰਾਜਸਥਾਨ ਇਹ ਮੈਚ ਜਿੱਤਦਾ ਹੈ ਤਾਂ ਉਹ ਸਿੱਧਾ ਪਲੇਆਫ ਵਿੱਚ ਪਹੁੰਚ ਜਾਵੇਗਾ, ਪਰ ਜੇਕਰ ਉਹ ਹਾਰਦਾ ਹੈ ਤਾਂ ਕੇਕੇਆਰ (KKR) ਕੋਲ ਅਗਲੇ ਪੜਾਅ ਵਿੱਚ ਪਹੁੰਚਣ ਦਾ ਸੁਨਹਿਰੀ ਮੌਕਾ ਹੋਵੇਗਾ।
Previous articleਸੱਚੀ ‘ਚ ਵਿਆਹ ਕਰ ਲਿਆ ਕੀ? ਹੱਥਾਂ ‘ਚ ਹਰੀ ਚੂੜੀਆਂ, ਗਲੇ ‘ਚ ਮੰਗਲਸੂਤਰ… Kangana Ranaut ਦੇ ਨਵੇਂ ਲੁੱਕ ਨੂੰ ਦੇਖ ਹੈਰਾਨ ਹੋਏ ਲੋਕ
Next articleDiljit Dosanjh ਦੇ ਘਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ, Ludhiana ਨਗਰ ਨਿਗਮ ਦਫ਼ਤਰ ਨੂੰ ਵੀ ਮਿਲੀ Email

LEAVE A REPLY

Please enter your comment!
Please enter your name here