Punjabi ਗਾਇਕ ਰਾਜਵੀਰ ਜਵੰਦਾ ਦਾ ਦੇਹਾਂਤ, Fortis ਹਸਪਤਾਲ ‘ਚ ਇਲਾਜ ਦੌਰਾਨ ਤੋੜੀਆ ਦਮ
ਪੰਜਾਬੀ ਗਾਇਕ ਰਾਜਵੀਰ ਜਵੰਦਾ (35) ਦਾ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦੇਹਾਂਤ ਹੋ ਗਿਆ ਹੈ। ਹਾਲਾਂਕਿ, ਉਨ੍ਹਾਂ ਦੇ ਪਰਿਵਾਰ ਨੇ ਉਨ੍ਹਾਂ ਦੀ ਮੌਤ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ। ਫੋਰਟਿਸ ਹਸਪਤਾਲ ਵੱਲੋਂ ਜਲਦੀ ਹੀ ਰਸਮੀ ਜਾਣਕਾਰੀ ਜਾਰੀ ਕੀਤੇ ਜਾਣ ਦੀ ਉਮੀਦ ਹੈ।
ਰਾਜਵੀਰ ਜਵੰਦਾ ਦੀ ਮੌਤ ਦੀ ਖ਼ਬਰ ਮਿਲਦੇ ਹੀ ਮੋਹਾਲੀ ਪੁਲਿਸ ਨੇ ਹਸਪਤਾਲ ਦੇ ਬਾਹਰ ਸੁਰੱਖਿਆ ਵਧਾ ਦਿੱਤੀ। ਹਸਪਤਾਲ ਦੇ ਬਾਹਰ ਭੀੜ ਇਕੱਠੀ ਹੋਣੀ ਸ਼ੁਰੂ ਹੋ ਗਈ ਹੈ। ਉਨ੍ਹਾਂ ਦੇ ਨੇੜਲੇ ਲੋਕਾਂ ਦੇ ਅਨੁਸਾਰ, ਉਨ੍ਹਾਂ ਦੀ ਦੇਹ ਨੂੰ ਸਿੱਧਾ ਉਨ੍ਹਾਂ ਦੇ ਜੱਦੀ ਪਿੰਡ ਪੌਣਾ, ਜਗਰਾਉਂ, ਲੁਧਿਆਣਾ ਲਿਜਾਇਆ ਜਾਵੇਗਾ। ਜਿੱਥੇ ਉਨ੍ਹਾਂ ਨੂੰ ਅੰਤਿਮ ਵਿਦਾਇਗੀ ਦਿੱਤੀ ਜਾਵੇਗੀ।
ਬਾਈਕ ਰਾਈਡਿੰਗ ਦੌਰਾਨ ਹਾਦਸਾ
ਦੱਸ ਦੇਈਏ ਕਿ ਰਾਜਵੀਰ ਜਵੰਦਾ ਬਾਈਕ ਰਾਈਡਿੰਗ ਕਰ ਰਹੇ ਸਨ। ਇਸੇ ਦੌਰਾਨ ਉਨ੍ਹਾਂ ਦਾ ਸੜਕ ਹਾਦਸਾ ਹੋ ਗਿਆ ਸੀ। ਉਹ ਆਪਣੇ ਦੋਸਤਾਂ ਨਾਲ ਸ਼ਿਮਲਾ ਜਾ ਰਹੇ ਸਨ। ਇਸ ਦੌਰਾਨ ਪਿੰਜੌਰ-ਨਾਲਾਗੜ੍ਹ ਰੋਡ ਤੇ ਉਨ੍ਹਾਂ ਦਾ ਹਾਦਸਾ ਹੋ ਗਿਆ। ਜਾਣਕਾਰੀ ਮੁਤਾਬਕ ਦੋ ਪਸ਼ੂ ਸੜਕ ਦੇ ਲੜ੍ਹ ਰਹੇ ਸਨ। ਇਨ੍ਹਾਂ ਤੋਂ ਬਚਣ ਦੇ ਚੱਕਰ ਚ ਜਵੰਦਾ ਦੀ ਬਾਈਕ ਸਾਹਮਣੇ ਤੋਂ ਆ ਰਹੀ ਗੱਡੀ ਨਾਲ ਟਕਰਾ ਗਈ। ਉਸ ਤੋਂ ਬਾਅਦ ਉਨ੍ਹਾਂ ਨੂੰ ਪੰਚਕੁਲਾ ਲਿਆਂਦਾ ਗਿਆ ਤੇ ਫਿਰ ਮੁਹਾਲੀ ਹਸਪਤਾਲ ਭਰਤੀ ਕਰਵਾਇਆ ਗਿਆ। ਇਸ ਤੋਂ ਬਾਅਦ ਉਹ ਲਗਾਤਾਰ ਵੈਂਟੀਲੇਟਰ ਤੇ ਹਨ।