Home Desh CM Maan ਨੇ ਵਿਨੇਸ਼ ਫੋਗਾਟ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ, ਕਿਹਾ- ਭਾਰਤ...

CM Maan ਨੇ ਵਿਨੇਸ਼ ਫੋਗਾਟ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ, ਕਿਹਾ- ਭਾਰਤ ਸਰਕਾਰ ਖਿਡਾਰੀਆਂ ਦੇ ਹਿੱਤ ਮਹਿਫੂਜ਼ ਰੱਖਣ ’ਚ ਨਾਕਾਮ ਸਿੱਧ ਹੋਈ

144
0

ਮੁੱਖ ਮੰਤਰੀ ਨੇ ਕਿਹਾ ਕਿ ਇਕ ਪਾਸੇ ਤਾਂ ਕੇਂਦਰ ਸਰਕਾਰ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਕਰਨ ਦੇ ਸਮਰੱਥ ਹੋਣ ਦੇ ਦਮਗਜ਼ੇ ਮਾਰ ਰਹੀ ਹੈ ਜਦਕਿ ਦੂਜੇ ਪਾਸੇ ਸਾਡੇ ਮੁਲਕ ਦੇ ਖਿਡਾਰੀਆਂ ਦੇ ਹਿੱਤ ਮਹਿਫੂਜ਼ ਨਹੀਂ ਹਨ।

ਮੁੱਖ ਮੰਤਰੀ ਭਗਵੰਤ ਮਾਨ ਨੇ ਪੈਰਿਸ ਓਲੰਪਿਕ ’ਚ ਹਿੱਸਾ ਲੈਣ ਵਾਲੇ ਖਿਡਾਰੀਆਂ ਦੇ ਹਿੱਤਾਂ ਦੀ ਸੁਰੱਖਿਆ ਕਰਨ ਵਿਚ ਨਾਕਾਮ ਸਿੱਧ ਹੋਣ ਲਈ ਕੇਂਦਰ ਸਰਕਾਰ ਦੀ ਸਖ਼ਤ ਆਲੋਚਨਾ ਕੀਤੀ ਹੈ।
ਮੁੱਖ ਮੰਤਰੀ ਨੇ ਬੁੱਧਵਾਰ ਨੂੰ ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਦੇ ਪਿੰਡ ਚਰਖੀ ਦਾਦਰੀ ਵਿਖੇ ਪਹੁੰਚ ਕੇ ਉਸ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ। ਉਨ੍ਹਾਂ ਕਿਹਾ ਕਿ ਇਹ ਬੜੀ ਮੰਦਭਾਗੀ ਗੱਲ ਹੈ ਕਿ ਪੈਰਿਸ ਵਿਚ ਚੱਲ ਰਹੀਆਂ ਓਲੰਪਿਕ ਖੇਡਾਂ ਵਿਚ ਭਾਰਤੀ ਖਿਡਾਰੀਆਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ ਪਰ ਕੇਂਦਰ ਸਰਕਾਰ ਨੇ ਇਸ ਗੰਭੀਰ ਮੁੱਦੇ ’ਤੇ ਚੁੱਪ ਧਾਰੀ ਹੋਈ ਹੈ।
ਉਨ੍ਹਾਂ ਕਿਹਾ ਕਿ ਫੋਗਾਟ ਨੂੰ ਓਲੰਪਿਕ ਦੇ ਫਾਈਨਲ ਮੁਕਾਬਲੇ ’ਚੋਂ ਬਾਹਰ ਕਰ ਦਿੱਤਾ ਗਿਆ, ਭਾਵੇਂ ਉਸ ਨੇ ਸੈਮੀਫਾਈਨਲ ਤੱਕ ਹੋਰ ਮੁਲਕਾਂ ਦੀਆਂ ਖਿਡਾਰਨਾਂ ਨੂੰ ਚਿੱਤ ਕੀਤਾ ਅਤੇ ਉਹ ਓਲੰਪਿਕ ਵਿਚ ਸੋਨ ਤਮਗੇ ਦੀ ਮਜ਼ਬੂਤ ਦਾਅਵੇਦਾਰ ਸੀ। ਉਨ੍ਹਾਂ ਕਿਹਾ ਕਿ ਹਾਕੀ ਖਿਡਾਰੀਆਂ ਨੂੰ ਬਿਨਾਂ ਕਿਸੇ ਕਸੂਰ ਦੇ ਰੈੱਡ ਕਾਰਡ ਦਿਖਾਉਣਾ ਅਣਉਚਿਤ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਇਕ ਪਾਸੇ ਤਾਂ ਕੇਂਦਰ ਸਰਕਾਰ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਕਰਨ ਦੇ ਸਮਰੱਥ ਹੋਣ ਦੇ ਦਮਗਜ਼ੇ ਮਾਰ ਰਹੀ ਹੈ ਜਦਕਿ ਦੂਜੇ ਪਾਸੇ ਸਾਡੇ ਮੁਲਕ ਦੇ ਖਿਡਾਰੀਆਂ ਦੇ ਹਿੱਤ ਮਹਿਫੂਜ਼ ਨਹੀਂ ਹਨ। ਉਨ੍ਹਾਂ ਕਿਹਾ ਕਿ ਭਾਰਤੀ ਖਿਡਾਰੀਆਂ ਨੇ ਓਲੰਪਿਕ ਖੇਡਾਂ ਦੌਰਾਨ ਮਿਸਾਲੀ ਖੇਡ ਭਾਵਨਾ ਦਾ ਪ੍ਰਗਟਾਵਾ ਕੀਤਾ ਪਰ ਕੇਂਦਰ ਸਰਕਾਰ ਦੀਆਂ ਗਲਤੀਆਂ ਕਾਰਨ ਉਹ ਮੈਡਲ ਜਿੱਤਣ ਤੋਂ ਖੁੰਝ ਗਏ ਹਨ।
ਮਾਨ ਨੇ ਕਿਹਾ ਕਿ ਜੇਕਰ ਕਿਸੇ ਖਿਡਾਰੀ ਨੂੰ 100 ਗ੍ਰਾਮ ਦੇ ਭਾਰ ਕਰ ਕੇ ਖੇਡ ਮੁਕਾਬਲੇ ਤੋਂ ਵਿਰਵਾ ਰਹਿਣਾ ਪਵੇ ਤਾਂ ਫਿਰ ਕੋਚ, ਫਿਜ਼ੀਓਥਰੈਪੀ ਅਤੇ ਹੋਰ ਸਾਧਨਾਂ ਲਈ ਕੀਤੇ ਜਾ ਰਹੇ ਵੱਡੇ ਖ਼ਰਚੇ ਦੀ ਕੀ ਤੁੱਕ ਬਣਦੀ ਹੈ।ਮੁੱਖ ਮੰਤਰੀ ਨੇ ਕਿਹਾ ਕਿ ਮੁਲਕ ਦੇ ਅਧਿਕਾਰੀ ਉੱਥੇ ਸਿਰਫ ਛੁੱਟੀਆਂ ਮਨਾਉਣ ਲਈ ਗਏ ਹਨ ਜਦਕਿ ਉਨ੍ਹਾਂ ਨੇ ਖਿਡਾਰੀਆਂ ਦੇ ਹਿੱਤਾਂ ਦੀ ਸੁਰੱਖਿਆ ਨਾ ਕਰ ਕੇ ਆਪਣੀ ਜ਼ਿੰਮੇਵਾਰੀ ਤੋਂ ਪਾਸਾ ਵੱਟਿਆ ਹੈ।
ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਯੂਕਰੇਨ ਦੀ ਜੰਗ ਰੋਕਣ ਵਿਚ ਦਖ਼ਲ ਦੇਣ ਬਾਰੇ ਹਰ ਰੋਜ਼ ਵੱਡੇ ਦਾਅਵੇ ਕਰ ਰਹੀ ਹੈ ਪਰ ਓਲੰਪਿਕ ਖੇਡਾਂ ਲਈ ਸਖ਼ਤ ਮਿਹਨਤ ਕਰ ਰਹੇ ਸਾਡੇ ਖਿਡਾਰੀਆਂ ਨੂੰ ਲਾਵਾਰਸ ਛੱਡ ਦਿੱਤਾ ਗਿਆ। ਮਾਨ ਨੇ ਕਿਹਾ ਕਿ ਸਾਰਾ ਮੁਲਕ ਇਸ ਵੇਲੇ ਬਹਾਦਰ ਲੜਕੀ ਵਿਨੇਸ਼ ਫੋਗਾਟ ਨਾਲ ਡਟ ਕੇ ਖੜ੍ਹਾ ਹੈ ਜੋ ਮੈਡਲ ਜਿੱਤਣ ਤੋਂ ਇਸ ਕਰ ਕੇ ਖੁੰਝ ਗਈ ਕਿਉਂਕਿ ਕੇਂਦਰ ਸਰਕਾਰ ਨੇ ਉਸ ਨੂੰ ਅਯੋਗ ਠਹਿਰਾਏ ਜਾਣ ਖਿਲਾਫ਼ ਅਪੀਲ ਪਾਉਣ ਦੀ ਪ੍ਰਵਾਹ ਨਹੀਂ ਕੀਤੀ।
Previous articleWFI ਪ੍ਰਧਾਨ ਨੇ ਵਿਨੇਸ਼ ਫੋਗਾਟ ਦੇ ਕੋਚਾਂ, ਸਪੋਰਟ ਸਟਾਫ ਨੂੰ ਭਾਰ ਦੇ ਮੁੱਦੇ ਲਈ ਜ਼ਿੰਮੇਵਾਰ ਠਹਿਰਾਇਆ, ਸਰਕਾਰ ਤੋਂ ਸਖ਼ਤ ਕਾਰਵਾਈ ਦੀ ਕੀਤੀ ਮੰਗ
Next articleਖਰੜ CIA ਥਾਣੇ ’ਚ ਹੋਈ ਸੀ ਲਾਰੈਂਸ ਦੀ ਪਹਿਲੀ ਇੰਟਰਵਿਊ, SIT ਵੱਲੋਂ High Court ਨੂੰ ਸੌਂਪੀ ਰਿਪੋਰਟ ਮਗਰੋਂ ਪੰਜਾਬ ਸਰਕਾਰ ਦੇ ਦਾਅਵਿਆਂ ਦੀ ਖੁੱਲ੍ਹੀ ਪੋਲ

LEAVE A REPLY

Please enter your comment!
Please enter your name here