ਸੂਤਰਾਂ ਮੁਤਾਬਕ ਇਸ ਧਮਾਕੇ ਦੇ ਪਿੱਛੇ ਮੁੱਖ ਮੁਲਜ਼ਮ ਨੂੰ ਕਾਬੂ ਕਰ ਲਿਆ ਗਿਆ ਹੈ।
ਜਲੰਧਰ ਦੇ ਬੀਐਸਐਫ ਹੈੱਡਕੁਆਰਟਰ ਦੇ ਸਾਹਮਣੇ 5 ਮਈ ਨੂੰ ਹੋਏ ਧਮਾਕੇ ਮਾਮਲੇ ‘ਚ ਪੰਜਾਬ ਪੁਲਿਸ ਤੇ ਖੁਫ਼ੀਆ ਏਜੰਸੀ ਦੇ ਹੱਥ ਸਫਲਤਾ ਲੱਗੀ ਹੈ। ਸੂਤਰਾਂ ਮੁਤਾਬਕ ਇਸ ਧਮਾਕੇ ਦੇ ਪਿੱਛੇ ਮੁੱਖ ਮੁਲਜ਼ਮ ਨੂੰ ਕਾਬੂ ਕਰ ਲਿਆ ਗਿਆ ਹੈ। ਹਾਲਾਂਕਿ, ਇਸ ਮਾਮਲੇ ‘ਚ ਅਜੇ ਤੱਕ ਮੁਲਜ਼ਮ ਦੀ ਪਹਿਚਾਣ ਤੇ ਗ੍ਰਿਫ਼ਤਾਰੀ ਦੀ ਪੁਸ਼ਟੀ ਪੁਲਿਸ ਵੱਲੋਂ ਨਹੀਂ ਕੀਤੀ ਗਈ ਹੈ। ਇਹ ਵੀ ਜਾਣਕਾਰੀ ਹੈ ਕਿ ਜਲੰਧਰ ਧਮਾਕੇ ਦਾ ਮਾਸਟਰਮਾਈਂਡ ਪਾਕਿਸਤਾਨੀ ਡੌਨ ਸ਼ਹਿਜਾਰ ਭੱਟੀ ਸੀ, ਜਿਸ ਨਾਲ ਮੁੱਖ ਮੁਲਜ਼ਮ ਸੰਪਰਕ ‘ਚ ਸੀ। ਮੁਲਜ਼ਮ ਦਾ ਆਈਐਸਆਈ ਨਾਲ ਵੀ ਸੰਪਰਕ ਸੀ।
ਇਸ ਤੋਂ ਪਹਿਲਾਂ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਵੀ ਧਮਾਕੇ ਪਿੱਛੇ ਆਈਐਸਆਈ ਦਾ ਹੱਥ ਹੋਣ ਦੀ ਗੱਲ ਕਹਿ ਚੁੱਕੇ ਹਨ। ਡੀਜੀਪੀ ਨੇ ਕਿਹਾ ਸੀ ਕਿ ਇਸ ਧਮਾਕੇ ਦੀ ਜ਼ਿੰਮੇਵਾਰੀ ਅਜੇ ਤੱਕ ਕਿਸੇ ਨੇ ਨਹੀਂ ਲਈ ਹੈ, ਪਰ ਅਸੀਂ ਮੰਨਦੇ ਹਾਂ ਕਿ ਇਸ ਪਿੱਛੇ ਪਾਕਿਸਤਾਨ ਦੀ ਆਈਐਸਆਈ ਦਾ ਹੱਥ ਹੈ। ਉਨ੍ਹਾਂ ਨੇ ਕਿਹਾ ਸੀ ਕਿ ਆਪਰੇਸ਼ਨ ਸਿੰਦੂਰ ਦਾ ਇੱਕ ਸਾਲ ਪੂਰਾ ਹੋਣ ਕਰਕੇ, ਪੰਜਾਬ ਨੂੰ ਅਸ਼ਾਂਤ ਕਰਨ ਲਈ ਪਾਕਿਸਤਾਨੀ ਏਜੰਸੀ ਆਈਐਸਆਈ ਦਾ ਇਸ ਧਮਾਕੇ ਪਿੱਛੇ ਹੱਥ ਹੋ ਸਕਦਾ ਹੈ।
ਪੁਲਿਸ ਜਾਂਚ
ਪੰਜਾਬ ਪੁਲਿਸ, ਕੇਂਦਰੀ ਏਜੰਸੀਆਂ ਤੇ ਫੋਰੈਂਸਿਕ ਟੀਮਾਂ ਜਲੰਧਰ ਬੀਐਸਐਫ ਚੌਕ ਧਮਾਕੇ ਸੰਬੰਧੀ ਸੁਰਾਗ ਇਕੱਠੇ ਕਰਨ ਲਈ ਲਗਾਤਾਰ ਕੰਮ ਕਰ ਰਹੀਆਂ ਹਨ। ਜਾਂਚ ਏਜੰਸੀਆਂ ਹੁਣ ਤੱਕ ਕਈ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲ ਚੁੱਕੀਆਂ ਹਨ, ਜਦੋਂ ਕਿ ਸੈਂਕੜੇ ਤੋਂ ਵੱਧ ਵਿਅਕਤੀਆਂ ਨੂੰ ਪੁੱਛਗਿੱਛ ਤੇ ਜਾਂਚ ਦੇ ਦਾਇਰੇ ‘ਚ ਲਿਆਂਦਾ ਗਿਆ ਹੈ।
ਕਾਲ ਡਿਟੇਲ ਰਿਕਾਰਡ ਤੇ ਸੋਸ਼ਲ ਮੀਡੀਆ ਜਾਂਚ
ਕਾਲ ਡਿਟੇਲ ਰਿਕਾਰਡ (ਸੀਡੀਆਰ) ਤੇ ਸੋਸ਼ਲ ਮੀਡੀਆ ਗਤੀਵਿਧੀਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਏਜੰਸੀਆਂ ਨੂੰ ਸ਼ੱਕ ਹੈ ਕਿ ਮੁਲਜ਼ਮਾਂ ਨੇ ਘਟਨਾ ਤੋਂ ਪਹਿਲਾਂ ਇਲਾਕੇ ਦੀ ਛਾਣਬੀਣ ਕੀਤੀ ਸੀ। ਸੂਤਰਾਂ ਅਨੁਸਾਰ, ਹੁਣ ਤੱਕ ਲਗਭਗ 600 ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਚੁੱਕੀ ਹੈ, ਜਦੋਂ ਕਿ 120 ਵਿਅਕਤੀਆਂ ਨੂੰ ਪੁੱਛਗਿੱਛ ਤੇ ਜਾਂਚ ਦੇ ਦਾਇਰੇ ‘ਚ ਲਿਆਂਦਾ ਗਿਆ ਹੈ।